ਸ਼ਾਹਕੋਟ ''ਚ ''ਬੀਬੀ ਭੱਠਲ'' ''ਤੇ ਪੈ ਸਕਦੈ ਗੁਣੀਆ!
Wednesday, Feb 07, 2018 - 07:32 AM (IST)
ਲਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਪੰਜ ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਤੋਂ ਬਾਅਦ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਦੁਆਬੇ 'ਚ ਇਕ ਵੱਡਾ ਘਾਗ ਅਕਾਲੀ ਆਗੂ ਖੋਹ ਲਿਆ, ਉਥੇ ਪੰਜਾਬ ਦੀ ਰਾਜਨੀਤੀ ਵਿਚ ਇਕ ਬਜ਼ੁਰਗ ਸਿਆਸੀ ਆਗੂ ਤੋਂ ਸੱਖਣੀ ਹੋ ਗਈ ਹੈ। ਸਵ. ਕੋਹਾੜ ਦੇ ਦਿਹਾਂਤ ਤੋਂ ਬਾਅਦ ਹੁਣ ਖਾਲੀ ਹੋਈ ਹਲਕਾ ਸ਼ਾਹਕੋਟ ਦੀ ਸੀਟ 'ਤੇ ਸਿਆਸੀ ਹਲਕਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ। ਅੱਜ ਹਲਕਿਆਂ 'ਚ ਇਹ ਚਰਚਾ ਸਿਖਰ 'ਤੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਕੋਹਾੜ ਦੇ ਬੇਟੇ ਜਾਂ ਉਸ ਦੇ ਪੋਤੇ ਨੂੰ ਮੈਦਾਨ 'ਚ ਉਤਾਰ ਸਕਦਾ ਹੈ ਜਦੋਂ ਕਿ ਪੰਜਾਬ ਵਿਚਲੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਇਸ ਸੀਟ ਨੂੰ ਆਪਣੇ ਖਾਤੇ ਲਿਆਉਣ ਲਈ ਗੁਰਦਾਸਪੁਰ ਵਾਂਗ ਇਸ ਸ਼ਾਹਕੋਟ ਹਲਕੇ 'ਚ ਵੀ ਇਕ ਵੱਡਾ ਪੱਤਾ ਖੇਡ ਕੇ ਵੱਡੇ ਨੇਤਾ ਨੂੰ ਚੋਣ ਮੈਦਾਨ 'ਚ ਉਤਾਰ ਕੇ ਮੋਰਚਾ ਮਾਰ ਸਕਦੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਵੇਂ ਕਾਂਗਰਸ ਪਾਰਟੀ ਨੇ ਧੜੇਬੰਦੀ ਅਤੇ ਕਿਸੇ ਤਰ੍ਹਾਂ ਦੀ ਖਿੱਚੋਤਾਣ ਤੋਂ ਬਚਣ ਲਈ ਅਬੋਹਰ ਤੋਂ ਹਾਰੇ ਹੋਏ ਸੁਨੀਲ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਚੋਣ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਹੈ, ਉਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਦੇ ਮੁੱਖ ਮੰੰਤਰੀ ਕੈਪ. ਅਮਰਿੰਦਰ ਸਿੰਘ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਲਹਿਰਾਗਾਗਾ ਤੋਂ ਚੋਣ ਹਾਰ ਚੁੱਕੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਇਸ ਹਲਕੇ ਤੋਂ ਮੈਦਾਨ 'ਚ ਉਤਾਰ ਸਕਦੀ ਹੈ। ਜੇਕਰ ਇੰਝ ਕੀਤਾ ਗਿਆ ਤਾਂ ਬੀਬੀ ਭੱਠਲ ਦੇ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਵਜ਼ੀਰ ਬਣਨਾ ਤੈਅ ਹੋਵੇਗਾ ਅਤੇ ਬੀਬੀ ਦੇ ਨਾਂ 'ਤੇ ਖਿੱਚੋਤਾਣ ਤੇ ਧੜੇਬੰਦੀ ਨੂੰ ਵੀ ਕਿਸੇ ਹੱਦ ਤੱਕ ਨਕੇਲ ਪੈ ਸਕਦੀ ਹੈ। ਬਾਕੀ ਇਸ ਹਲਕੇ ਤੋਂ 2017 'ਚ ਕਾਂਗਰਸ ਦੀ ਟਿਕਟ 'ਤੇ ਹਰਦੇਵ ਸਿੰਘ ਲਾਡੀ ਸ਼ੇਰੂਵਾਲੀਆ ਚੋਣ ਲੜੇ ਸਨ। ਉਨ੍ਹਾਂ ਦੀ ਹਲਕੇ 'ਚ ਕਾਫੀ ਪਕੜ ਦੱਸੀ ਜਾ ਰਹੀ ਹੈ ਪਰ ਕਾਂਗਰਸ ਪਾਰਟੀ ਕਿਸੇ ਤਰ੍ਹਾਂ ਦੀ ਧੜੇਬੰਦੀ ਤੇ ਖਿੱਚੋਤਾਣ ਤੋਂ ਡਰਦੇ ਅਤੇ ਅਕਾਲੀ ਦਲ ਨਾਲ ਇਹ ਸਰਕਾਰ ਬਣਨ ਤੋਂ ਬਾਅਦ ਪਹਿਲੀ ਜ਼ਿਮਨੀ ਚੋਣ 'ਤੇ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਲੱਖ ਵਾਰੀ ਸੋਚੇਗੀ। ਬਾਕੀ ਸ਼੍ਰੋਮਣੀ ਅਕਾਲੀ ਦਲ ਵੀ ਇਹ ਸੀਟ ਆਪਣੇ ਖੇਮੇ 'ਚ ਬਰਕਰਾਰ ਰੱਖਣ ਲਈ ਜਿਥੇ ਪਰਿਵਾਰ ਨੂੰ ਮਾਣ ਦੇਣ ਬਾਰੇ ਸੋਚੇਗਾ, ਉਥੇ ਇਸ ਹਲਕੇ ਬਾਰੇ ਸਖਤ ਫੈਸਲੇ ਬਾਰੇ ਵੀ ਜੇਕਰ ਕੋਈ ਫੈਸਲਾ ਲੈਣਾ ਪਿਆ ਤਾਂ ਪਿੱਛੇ ਨਹੀਂ ਹਟੇਗਾ।
