ਪੁਰਾਣੀ ਰੰਜਿਸ਼ ਦੇ ਚੱਲਦੇ ਭੁਲੱਥ ''ਚ ਚੱਲੀਆਂ ਗੋਲੀਆਂ

09/23/2019 6:18:38 PM

ਬੇਗੋਵਾਲ (ਰਜਿੰਦਰ) : ਗੁੱਜਰ ਭਾਈਚਾਰੇ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਮੰਡਕੁੱਲਾਂ ਵਿਖੇ ਇਕ ਧਿਰ ਵਲੋਂ ਦੂਸਰੀ ਧਿਰ ਦੇ ਵਿਅਕਤੀ ਕਾਲੂ ਗੁੱਜਰ 'ਤੇ ਬੀਤੀ ਰਾਤ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਕਾਲੂ ਗੁੱਜਰ ਤਾਂ ਬਚ ਨਿਕਲਿਆਂ ਪਰ ਇਹ ਗੋਲੀਆਂ ਸੜਕ ਨੇੜਲੇ ਘਰ ਦੇ ਗੇਟ ਵਿਚ ਲੱਗੀਆਂ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ, ਐੱਸ.ਐੱਚ.ਓ. ਬੇਗੋਵਾਲ ਸੁਖਦੇਵ ਸਿੰਘ ਤੇ ਸਬ ਇੰਸਪੈਕਟਰ ਸਵਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ। 

ਇਕੱਤਰ ਜਾਣਕਾਰੀ ਅਨੁਸਾਰ ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਦੇ ਪਿੰਡ ਮੰਡਕੁੱਲਾ ਦਾ ਰਹਿਣ ਵਾਲਾ ਕਾਲੂ ਪੁੱਤਰ ਈਸਾ ਵਾਸੀ ਮੰਡਕੁੱਲਾ ਨੇ ਦੱਸਿਆ ਕਿ ਬੀਤੇ ਕਲ ਉਹ ਨਡਾਲਾ ਵਿਖੇ ਆਪਣੇ ਗੁੱਜਰ ਭਾਈਚਾਰੇ ਦੇ ਵਿਅਕਤੀ ਬਸ਼ੀਰ ਗੁੱਜਰ ਨੂੰ ਮਿਲਣ ਗਿਆ ਸੀ। ਜਿਥੋਂ ਉਹ ਰਾਤ ਸਾਢੇ 10 ਵਜੇ ਆਪਣੇ ਮੰਡਕੁੱਲਾ ਡੇਰੇ ਲਈ ਰਵਾਨਾ ਹੋਇਆ। ਰਾਤ 11 ਵਜੇ ਉਹ ਮੰਡਕੁੱਲਾ ਪਿੰਡ ਵਿਚ ਸੜਕ 'ਤੇ ਗੁਲਜ਼ਾਰ ਸਿੰਘ ਪੁੱਤਰ ਹਰੀ ਸਿੰਘ ਦੇ ਘਰ ਕੋਲ ਪੁੱਜਿਆ ਤਾਂ ਉਸਦੇ ਸਾਹਮਣੇ ਮੋਟਰ ਸਾਈਕਲ ਦੀ ਲਾਈਟ ਪਈ, ਜਿਸ ਦੌਰਾਨ ਉਸ ਨੇ ਦੇਖਿਆ ਕਿ ਸੜਕ ਵਿਚਾਲੇ ਦੋ ਮੋਟਰ ਸਾਈਕਲ ਖੜ੍ਹੇ ਸਨ। ਜਿਨ੍ਹਾਂ ਵਿਚ ਭਾਊ ਪੁੱਤਰ ਗੁਜਰਦੀਨ ਵਾਸੀ ਡੱਲਾ ਮੋਰੀਆ ਜ਼ਿਲਾ ਗੁਰਦਾਸਪੁਰ, ਬਾਬੂ ਪੁੱਤਰ ਢੋਲੂ ਵਾਸੀ ਨੰਗਲ ਲੁਬਾਣਾ ਥਾਣਾ ਬੇਗੋਵਾਲ,  ਬਿੱਟੂ ਪੁੱਤਰ ਭਾਈ ਵਾਸੀ ਡੱਲਾ ਮੋਰੀਆ ਜ਼ਿਲਾ ਗੁਰਦਾਸਪੁਰ ਤੇ ਤਿੰਨ ਹੋਰ ਨਾ ਮਾਲੂਮ ਨੌਜਵਾਨ ਖੜ੍ਹੇ ਸਨ। ਜਿਨ੍ਹਾਂ ਕੋਲ ਪਿਸਤੌਲ, ਦਾਤਰ ਤੇ ਡੰਡੇ ਆਦਿ ਫੜ੍ਹੇ ਸਨ। ਮੈਂ ਇਨ੍ਹਾਂ ਨੂੰ ਦੇਖ ਕੇ ਘਬਰਾਉਂਦੇ ਹੋਏ ਆਪਣਾ ਮੋਟਰ ਸਾਈਕਲ ਰਸਤੇ ਵਿਚ ਸੁੱਟ ਕੇ ਗੁਲਜਾਰ ਸਿੰਘ ਦੇ ਗੇਟ ਵੱਲ ਭੱਜਾ ਤਾਂ ਇੰਨੇ ਨੂੰ ਮੇਰੇ 'ਤੇ ਪਿਸਤੌਲ ਦੇ ਫਾਇਰ ਕੀਤੇ ਗਏ। 

ਗੁਲਜਾਰ ਸਿੰਘ ਦਾ ਗੇਟ ਬੰਦ ਹੋਣ ਕਰਕੇ ਹਨੇਰੇ ਦਾ ਫਾਇਦਾ ਉਠਾ ਕੇ ਮੈਂ ਉਸ ਦੇ ਘਰ ਦੀ ਕੰਧ ਨੇੜੇ ਝਾੜੀਆਂ ਵਿਚ ਵੜ ਗਿਆ ਤਾਂ ਇਹ ਸਾਰੇ ਨੌਜਵਾਨ ਮੈਨੂੰ ਕਾਫੀ ਸਮਾਂ ਗਾਲੀ-ਗਲੋਚ ਕਰਨ ਤੋਂ ਬਾਅਦ ਧੁੱਸੀ ਬੰਨ ਨੂੰ ਚਲੇ ਗਏ। ਇੰਨੇ ਨੂੰ ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਾਲੂ ਨੇ ਦੱਸਿਆ ਕਿ ਜੋ ਫਾਇਰ ਮੈਨੂੰ ਮਾਰਨ ਦੀ ਨੀਅਤ ਨਾਲ ਕੀਤੇ ਗਏ ਸਨ, ਉਹ ਸਾਰੇ ਗੁਲਜਾਰ ਸਿੰਘ ਦੇ ਮੇਨ ਗੇਟ 'ਤੇ ਲੱਗੇ, ਜਿਸ ਘਰ ਵਿਚ ਹੁਣ ਬਲਵਿੰਦਰ ਸਿੰਘ ਦਾ ਪਰਿਵਾਰ ਰਹਿੰਦਾ ਹੈ। ਕਾਲੂ ਨੇ ਹੋਰ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਭਾਊ ਤੇ ਮਾਨੂੰ ਪੁੱਤਰ ਮੱਖਣ ਵਾਸੀ ਨੰਗਲ ਲੁਬਾਣਾ ਦਾ ਆਪਸ ਵਿਚ ਝਗੜਾ ਹੋਇਆ ਸੀ, ਮੈ ਮਾਨੂੰ ਦੀ ਮਦਦ ਕਰਦਾ ਸੀ, ਇਸ ਕਰਕੇ ਭਾਊ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੇਰੇ 'ਤੇ ਹਮਲਾ ਕੀਤਾ ਹੈ। ਦੂਜੇ ਪਾਸੇ ਇਸ ਸੰਬੰਧੀ ਕੇਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਭਾਊ ਪੁੱਤਰ ਗੁਜ਼ਰਦੀਨ ਵਾਸੀ ਡੱਲਾ ਮੋਰੀਆਂ ਗੁਰਦਾਸਪੁਰ, ਬਾਬੂ ਪੁੱਤਰ ਢੋਲੂ ਵਾਸੀ ਨੰਗਲ ਲੁਬਾਣਾ ਥਾਣਾ ਬੇਗੋਵਾਲ, ਬਿੱਟੂ ਪੁੱਤਰ ਭਾਈ ਵਾਸੀ ਡੱਲਾ ਮੋਰੀਆ ਜ਼ਿਲਾ ਗੁਰਦਾਸਪੁਰ ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਆਰਮਜ਼ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


Gurminder Singh

Content Editor

Related News