ਭੋਗਪੁਰ : ਕੈਸ਼ ਵੈਨ ਚੋਂ ਕਰੋੜਾਂ ਲੁੱਟਣ ਵਾਲਿਆਂ ਤੇ ਪੁਲਸ ਵਿਚਕਾਰ ਹੋਈ ਫਾਇਰਿੰਗ, 1 ਕਾਬੂ
Saturday, Nov 11, 2017 - 01:37 PM (IST)
ਜਲੰਧਰ (ਰਾਣਾ) ਐਚ.ਡੀ.ਐਫ.ਸੀ. ਬੈਂਕ ਦੀ ਕੈਸ਼ ਵੈਨ ਵਿੱਚੋਂ 1 ਕਰੋੜ 14 ਲੱਖ ਰੁਪਏ ਲੁੱਟਣ ਵਾਲੇ ਗੈਂਗ ਦੇ ਲੁਟੇਰਿਆਂ ਦੀ ਪਛਾਣ ਹੋ ਗਈ ਹੈ। ਲੁੱਟ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਕਰਤਾਰਪੁਰ ਦੇ ਪਿੰਡ ਚੀਮਾਂ ਨੇੜੇ ਪੁਲਸ ਅਤੇ ਲੁਟੇਰਿਆਂ ਵਿਚਕਾਰ ਫਾਇਰਿੰਗ ਹੋ ਗਈ। ਫਾਇਰਿੰਗ ਦੌਰਾਨ ਕਾਰ ਸਵਾਰ ਇਕ ਲੁਟੇਰਾ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਰਣਜੀਤ ਸਿੰਘ ਵਾਸੀ ਲਖਣ ਖੇੜਾ ਥਾਣਾ ਸੁਭਾਨਪੁਰ (ਕਪੂਰਥਲਾ) ਵਜੋਂ ਹੋਈ ਹੈ।
ਮੁਕਾਬਲੇ ਦੌਰਾਨ ਰਣਜੀਤ ਸਿੰਘ ਦੇ ਤਿੰਨ ਗੋਲੀਆਂ ਲੱਗੀਆਂ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਣਜੀਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਬਾਕੀ ਸਾਥੀਆਂ ਬਾਰੇ ਪਤਾ ਕੀਤਾ ਜਾ ਸਕੇ। ਪੁਲਸ ਨੇ ਜਖ਼ਮੀ ਲੁਟੇਰੇ ਦੀ ਮੋਬਾਈਲ ਡਿਟੇਲ ਕੱਢਵਾ ਲਈ ਹੈ, ਜਿਸ ਤੋਂ ਲੁਟੇਰਿਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੀ ਭਾਲ ਵਿੱਚ ਨੇੜਲੇ ਪਿੰਡਾਂ ਵਿੱਚ ਜ਼ਬਰਦਸਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀਐਸਪੀ ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇੰਡੀਗੋ ਕਾਰ ਵਿਚੋਂ ਬਦਮਾਸ਼ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ ਅਤੇ ਉਨ੍ਹਾਂ ਵਿਚੋਂ ਇਕ ਨੌਜਵਾਨ ਰਣਜੀਤ ਸਿੰਘ ਪੁਲਸ ਦੀ ਗੋਲੀ ਕਾਰਨ ਜ਼ਖਮੀ ਹੋ ਗਿਆ। ਲੁਟੇਰਿਆਂ ਵਲੋਂ ਵਰਤੀ ਗਈ ਕਾਰ ਦੀ ਨੰਬਰ ਪਲੇਟ ਗਾਇਬ ਸੀ।ਪੁਲਸ ਟੀਮ ਨੇ ਪਿੰਡ ਚੀਮਾ ਵਿੱਚ ਬਦਮਾਸ਼ਾਂ ਨਾਲ ਮੁਕਾਬਲਾ ਕੀਤਾ, ਜੋਕਿ ਇੰਡੀਗੋ ਕਾਰ ਵਿੱਚ ਸਵਾਰ ਸਨ। ਪੁਲਸ ਨੇ ਦੱਸਿਆ ਕਿ ਕੈਸ਼ ਵੈਨ ਵਿਚੋਂ ਲੁੱਟਿਆ ਗਿਆ ਕੈਸ਼ ਰਣਜੀਤ ਸਿੰਘ ਦੇ ਸਾਥੀਆਂ ਕੋਲ ਹੈ, ਜੋ ਮੋਟਰਸਾਈਕਲਾਂ ਉੱਤੇ ਸਵਾਰ ਹੋਕੇ ਆਏ ਸਨ।