ਨਵਾਜ਼ ਸ਼ਰੀਫ ਦੀ ਪਤਨੀ ਦੀ ਸਿਹਤਯਾਬੀ ਲਈ ਭਾਰਤ ''ਚ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
Monday, Oct 02, 2017 - 06:41 PM (IST)

ਅੰਮ੍ਰਿਤਸਰ (ਪ੍ਰਵੀਨ ਪੁਰੀ)- ਇੰਗਲੈਂਡ ਦੇ ਇੱਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਰਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੀ ਕੈਂਸਰ ਪੀੜਤ ਪਤਨੀ ਮੋਹਤਰਮਾ ਕੁਲਸੂਮ ਸ਼ਰੀਫ ਦੀ ਸਿਹਤਯਾਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 30 ਸਤੰਬਰ ਤੋਂ ਉਨ੍ਹਾਂ ਦੇ ਪੁਸ਼ਤੈਨੀ ਜੱਦੀ ਪਿੰਡ ਜਾਤੀ ਉਮਰਾਂ ਜ਼ਿਲਾ (ਤਰਨ ਤਾਰਨ) ਦੇ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ, ਦਫਤਰ ਸੱਕਤਰ/ਪ੍ਰੈਸ ਸਕੱਤਰ ਹਰਬੀਰ ਸਿੰਘ ਸੰਧੂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਗੁਰੂ ਘਰ ਨਤਮਸਤਕ ਹੋਏ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਹੋਏ ਪ੍ਰਭਾਵਸ਼ਾਲੀ ਸੰਪੂਰਨਤਾ ਸਮਾਗਮ ਦੌਰਾਨ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਮੋਹਤਰਮਾ ਕੁਲਸੂਮ ਸ਼ਰੀਫ ਦੀ ਸਿਹਤਯਾਬੀ ਤੇ ਸਰਬੱਤ ਦੇ ਭਲੇ ਲਈ ਅਰਦਾਸਾ ਸੋਧਿਆ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੇ ਪੁਰਖਾਂ ਦੇ ਭਾਰਤ ਨਾਲ ਗੂੜੇ ਸਬੰਧਾਂ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸ਼ਰੀਫ ਪਰਿਵਾਰ ਦੀ ਭਾਰਤ ਪਾਕਿ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਵੱਡੀ ਦੇਣ ਹੈ। ਜਦੋਂ ਕਿ ਪਾਕਿ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਣ 'ਚ ਸ਼ਰੀਫ ਪਰਿਵਾਰ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦੇ ਦੌਰ 'ਚੋਂ ਗੁਜ਼ਰ ਰਹੇ ਸ਼ਰੀਫ ਪਰਿਵਾਰ ਦੀ ਸੁੱਖ-ਸਾਂਦ ਲਈ ਅਜਿਹੇ ਯਤਨਾਂ ਦੀ ਬਹੁਤ ਲੋੜ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਮੋਹਤਰਮਾ ਕੁਲਸੂਮ ਸ਼ਰੀਫ ਦੀ ਸਿਹਤਯਾਬੀ ਲਈ ਉਨ੍ਹਾਂ ਦੇ ਪੁਰਖਾਂ ਦੇ ਪੁਸ਼ਤੈਨੀ ਪਿੰਡ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਅਜਿਹੇ ਸਿਲਸਿਲੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਤਾਕਤ/ਲਿਆਕਤ ਤੇ ਮਿਠਾਸ ਮਿਲੇਗੀ ਤੇ ਵਿਸ਼ਵ ਪੱਧਰ 'ਤੇ ਇੱਕ ਚੰਗਾ ਸੁਨੇਹਾ ਜਾਵੇਗਾ। ਇਸ ਮੌਕੇ ਗੁਰੂ ਘਰ ਦੇ ਅਨਿਨ ਸੇਵਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਦੋਂ ਕਿ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪ੍ਰੋਫੈ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ ਮਝੈਲ, ਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ, ਕਰਮ ਸਿੰਘ, ਨਵਦੀਪ ਸਿੰਘ ਬਾਜਵਾ, ਪ੍ਰਗਟ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਕੱਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।