ਟਾਈਗਰਸ ਫੋਰਸ ਆਫ਼ ਖ਼ਾਲਿਸਤਾਨ ਨੇ ਨਾਮਧਾਰੀ ਗੁਰੂ ਉਦੇ ਸਿੰਘ ਨੂੰ ਪੱਤਰ ਰਾਹੀਂ ਦਿੱਤੀ ਧਮਕੀ

Saturday, Dec 04, 2021 - 12:16 PM (IST)

ਟਾਈਗਰਸ ਫੋਰਸ ਆਫ਼ ਖ਼ਾਲਿਸਤਾਨ ਨੇ ਨਾਮਧਾਰੀ ਗੁਰੂ ਉਦੇ ਸਿੰਘ ਨੂੰ ਪੱਤਰ ਰਾਹੀਂ ਦਿੱਤੀ ਧਮਕੀ

ਜਲੰਧਰ (ਧਵਨ)- ਭਿੰਡਰਾਂਵਾਲਾ ਟਾਈਗਰਸ ਫੋਰਸ ਆਫ਼ ਖ਼ਾਲਿਸਤਾਨ ਨੇ ਨਾਮਧਾਰੀ ਗੁਰੂ ਉਦੇ ਸਿੰਘ ਅਤੇ ਹੋਰਨਾਂ ਨੂੰ ਧਮਕੀ ਭਰਿਆ ਪੱਤਰ ਜਾਰੀ ਕੀਤਾ ਹੈ। ਪੱਤਰ ’ਤੇ 30 ਨਵੰਬਰ 2021 ਦੀ ਤਾਰੀਖ਼ ਲਿਖੀ ਹੋਈ ਹੈ ਅਤੇ ਇਹ ਪੱਤਰ ਪੰਜਾਬੀ ਭਾਸ਼ਾ ’ਚ ਲਿਖਿਆ ਗਿਆ ਹੈ। ਸੰਗਠਨ ਦੇ ਦਿਲਬਾਗ ਸਿੰਘ ਵੱਲੋਂ ਜਾਰੀ ਕੀਤੇ ਗਏ ਧਮਕੀ ਭਰੇ ਪੱਤਰ ’ਚ ਨਾਮਧਾਰੀ ਗੁਰੂ ਉਦੇ ਸਿੰਘ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਗੁਰੂਡਮ ਨੂੰ ਬੰਦ ਕਰਕੇ ਸਿੱਖਾਂ ਦੀ ਮੁੱਖਧਾਰਾ ’ਚ ਸ਼ਾਮਲ ਹੋਣ। ਪੱਤਰ ’ਚ ਉਨ੍ਹਾਂ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖ਼ਾਲਸਾਈ ਸੋਚ ਨੂੰ ਅਪਨਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਗਿਆ ਕਿ ਇਸ ’ਚ ਸਾਰਿਆਂ ਦੀ ਭਲਾਈ ਹੋ ਸਕਦੀ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਨਾਲ ਉਨ੍ਹਾਂ ਦਾ ਬਚਾਅ ਨਹੀਂ ਹੋ ਸਕਦਾ ਹੈ। ਜੇਕਰ ਸੁਰੱਖਿਆ ਦੇ ਨਾਲ ਬਚਾਅ ਹੋ ਸਕਦਾ ਤਾਂ ਇੰਦਰਾ ਗਾਂਧੀ ਵੀ ਬਚ ਜਾਂਦੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਭਾਜਪਾ ’ਚ ਹੋਏ ਸ਼ਾਮਲ

ਪੱਤਰ ’ਚ ਭਿੰਡਰਾਂਵਾਲਾ ਟਾਈਗਰਸ ਫੋਰਸ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਹੁਣ ਲੱਗਦਾ ਹੈ ਕਿ ਸਖ਼ਤ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਪੱਤਰ ’ਚ ਖ਼ਾਲਿਸਤਾਨੀ ਸੰਗਠਨ ਨੇ ਉਦੇ ਸਿੰਘ ਤੋਂ ਇਲਾਵਾ ਜਗਤਾਰ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਰੰਧਾਵਾ ਅਤੇ ਅੰਬਾ ਨੂੰ ਆਖ਼ਰੀ ਵਾਰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਿੱਖਾਂ ਦੇ ਸਿਰਫ਼ 10 ਗੁਰੂ ਹੀ ਹਨ।

ਪੱਤਰ ’ਚ ਕਿਹਾ ਗਿਆ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜੇਕਰ ਸੋਚ ਨੂੰ ਇਹ ਲੋਕ ਨਹੀਂ ਅਪਣਾਉਂਦੇ ਹਨ ਤਾਂ ਸਾਰਿਆਂ ਨੂੰ ਪਰਿਵਾਰਾਂ ਦੇ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਖ਼ਾਲਿਸਤਾਨੀ ਸੰਗਠਨਾਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ’ਚ ਬਹੁਤ ਖ਼ਾਸ ਰਾਜਨੀਤਕ, ਧਾਰਮਿਕ ਸ਼ਖ਼ਸੀਅਤਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਬਾਅਦ ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ ਸੂਬੇ ’ਚ ਸੁਰੱਖਿਆਤਮਕ ਕਦਮ ਵੀ ਚੁੱਕੇ ਸਨ ਅਤੇ ਖੁਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਸੀਨੀਅਰ ਪੁਲਸ ਅਧਿਕਾਰੀਆਂ ਦੇ ਨਾਲ ਬੈਠਕਾਂ ਕਰਕੇ ਸੁਰੱਖਿਆ ਵਿਵਸਥਾ ਨੂੰ ਸਖ਼ਤ ਬਣਾਉਣ ਦਾ ਫ਼ੈਸਲਾ ਕੀਤਾ। ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ ਕੁੱਝ ਸਮੇਂ ਦੌਰਾਨ ਟਿਫਿਨ ਬੰਬ ਵੀ ਮਿਲੇ ਸਨ ਅਤੇ ਨਾਲ ਹੀ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਨੂੰ ਵੇਖਦੇ ਹੋਏ ਵੀ ਸੁਰੱਖਿਆਤਮਕ ਕਦਮਾਂ ਨੂੰ ਚੁੱਕਿਆ ਗਿਆ ਹੈ। ਸੂਬੇ ’ਚ ਰਾਤ ਵੇਲੇ ਪੁਲਸ ਨਾਕਿਆਂ ਨੂੰ ਮਜ਼ਬੂਤ ਬਣਾਉਣ ਦੇ ਪਹਿਲਾਂ ਹੀ ਹੁਕਮ ਗ੍ਰਹਿ ਮੰਤਰੀ ਰੰਧਾਵਾ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਥੋੜ੍ਹਾ ਸਾਵਧਾਨ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਸ਼ਾਤਰ ਠੱਗ ਕਰ ਰਹੇ ਜਾਅਲਸਾਜ਼ੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News