ਥਾਣਾ ਭਿੱਖੀਵਿੰਡ ਦੀ ਪੁਲਸ ਨੇ 61 ਕਾਰਤੂਸਾਂ ਤੇ ਇਕ ਕਾਰ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Wednesday, Jun 22, 2022 - 10:29 AM (IST)
ਤਰਨਤਾਰਨ (ਰਮਨ) - ਥਾਣਾ ਭਿੱਖੀਵਿੰਡ ਦੀ ਪੁਲਸ ਨੇ 2 ਵਿਅਕਤੀਆਂ ਨੂੰ 61 ਕਾਰਤੂਸਾਂ ਅਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰਦੇ ਹੋਏ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਉਪਰ ਜੁਡੀਸ਼ੀਅਲੀ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਏ. ਐੱਸ. ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਭਿੱਖੀਵਿੰਡ ਚੌਕ ਵਿਖੇ ਨਾਕੇਬੰਦੀ ਦੌਰਾਨ ਪੁਲਸ ਪਾਰਟੀ ਮੌਜੂਦ ਸੀ ਤਾਂ ਇਕ ਸਵਿਫਟ ਕਾਰ ਨੂੰ ਰੋਕਦੇ ਹੋਏ ਉਸ ਦੀ ਤਲਾਸ਼ੀ ਲਈ ਗਈ।
ਇਸ ਦੌਰਾਨ ਗੱਡੀ ’ਚ ਸਵਾਰ ਗੁਰਲਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਰਾਮਪੁਰਾ ਅਤੇ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਗਵਾਨਪੁਰਾ ਦੀ ਤਲਾਸ਼ੀ ਲੈਣ ਦੌਰਾਨ ਕਾਰ ’ਚ ਪਏ ਇਕ ਲਿਫਾਫੇ ਨੂੰ ਚੈੱਕ ਕੀਤਾ ਗਿਆ, ਜਿਸ ’ਚੋਂ 61 ਕਾਰਤੂਸ 12 ਬੋਰ ਦੇ ਬਰਾਮਦ ਕੀਤੇ ਗਏ, ਜਿਸ ਸਬੰਧੀ ਦੋਵੇਂ ਵਿਅਕਤੀ ਕੋਈ ਵੀ ਲਾਇਸੈਂਸ ਜਾਂ ਪਰਮਿਟ ਮੌਕੇ ’ਤੇ ਪੇਸ਼ ਨਹੀਂ ਕਰ ਪਾਏ। ਏ. ਐੱਸ. ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।