ਮੋਟਰਸਾਈਕਲ ਤੇ ਜੀਪ ਦੀ ਭਿਆਨਕ ਟੱਕਰ, 2 ਦੀ ਮੌਤ
Friday, Dec 14, 2018 - 09:57 AM (IST)
ਭਿੱਖੀਵਿੰਡ, ਖਾਲੜਾ (ਭਾਟੀਆ) : ਬੀਤੀ ਸ਼ਾਮ ਪਿੰਡ ਮਾੜੀ ਗੌੜ ਨਜ਼ਦੀਕ ਇਕ ਮੋਟਰਸਾਈਕਲ ਅਤੇ ਜੀਪ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਹੋਈ ਮੌਤ ਅਤੇ ਇਕ ਨੌਜਵਾਨ ਦੇ ਜ਼ਖਮੀ ਹੋ ਜਾਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ, ਗੁਰਜਿੰਦਰ ਸਿੰਘ ਤੇ ਗੁਰਸਾਬ ਸਿੰਘ, ਜੋ ਕਿ ਪਿੰਡ ਵਾਂ ਤਾਰਾ ਸਿੰਘ ਤੋਂ ਅਜੀਤ ਸਿੰਘ ਦਾ ਵਿਆਹ ਵੇਖ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਮੱਖੀ ਕਲਾਂ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਮਾੜੀ ਗੌੜ ਸਿੰਘ ਨਜ਼ਦੀਕ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਭਿੱਖੀਵਿੰਡ ਦੀ ਤਰਫੋਂ ਆ ਰਹੀ ਜੀਪ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਕਾਰਨ ਰਣਜੀਤ ਸਿੰਘ ਉਰਫ ਮਾਹਣਾ ਪੁੱਤਰ ਸਵਰਨ ਸਿੰਘ ਵਾਸੀ ਮੱਖੀ ਕਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਜਿੰਦਰ ਸਿੰਘ ਤੇ ਗੁਰਸਾਬ ਸਿੰਘ ਜ਼ਖਮੀ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਮਨਜਿੰਦਰ ਸਿੰਘ ਭਿੱਖੀਵਿੰਡ ਅਤੇ ਏ. ਐੱਸ. ਆਈ. ਸੁਰਿੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਜ਼ਖਮੀਆਂ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਗੁਰਜਿੰਦਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਪੁਲਸ ਵਲੋਂ ਉਕਤ ਜੀਪ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।