ਬੈਂਕ ''ਚ ਲੁੱਟਣ ਆਏ ਸੀ ਨਕਦੀ, ਕੁੱਝ ਨਾ ਮਿਲਿਆ ਤਾਂ ਲੈ ਗਏ ਪੈਟਰੋਲ
Tuesday, Apr 02, 2019 - 12:20 PM (IST)
ਭਵਾਨੀਗੜ੍ਹ(ਵਿਕਾਸ, ਕਾਂਸਲ) : 31 ਮਾਰਚ ਤੇ 1 ਅਪਰੈਲ ਦੀ ਦਰਮਿਆਨੀ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਚੰਨੋ ਵਿਖੇ ਐੱਸ.ਬੀ.ਆਈ. ਬੈਂਕ ਅੰਦਰ ਦਾਖਲ ਹੋ ਕੇ ਸਟਰਾਂਗ ਰੂਮ ਨੂੰ ਤੋੜ ਕੇ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਹ ਪੂਰੀ ਘਟਨਾ ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ।
ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਹਿਮਾਂਸ਼ੂ ਕੁਮਾਰ ਮੰਡਲ ਨੇ ਦੱਸਿਆ ਕਿ ਅਣਪਛਾਤੇ ਚੋਰ ਬੈਂਕ ਦੇ ਬਾਹਰਲੇ ਪਾਸੇ ਲੱਗੇ ਵਿੰਡੋ ਏ. ਸੀ. ਵਾਲੀ ਜਗ੍ਹਾ ਤੋਂ ਪਾੜ ਲਗਾ ਕੇ ਬੈਂਕ ਅੰਦਰ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਬੈਂਕ ਅੰਦਰ ਬਣੇ ਕੈਸ਼ ਵਾਲੇ ਸਟਰਾਂਗ ਰੂਮ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਵਿਚ ਉਹ ਕਾਮਯਾਬ ਨਾ ਹੋ ਸਕੇ ਅਤੇ ਜਾਂਦੇ-ਜਾਂਦੇ ਲੁਟੇਰੇ ਬੈਂਕ ਅੰਦਰ ਖੜ੍ਹੇ ਬੈਂਕ ਦੇ ਮੋਟਰਸਾਈਕਲ 'ਚੋਂ ਪੈਟਰੋਲ ਚੋਰੀ ਕਰਕੇ ਲੈ ਗਏ ਅਤੇ ਸਟਰਾਂਗ ਰੂਮ ਵਿਚ ਪਇਆ ਕੈਸ਼ ਚੋਰੀ ਹੋਣ ਤੋਂ ਬਚ ਗਿਆ।
ਪੁਲਸ ਨੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੌਰਾਨ ਇਲਾਕੇ ਵਿਚ ਅਣਪਛਾਤੇ ਲੁਟੇਰਿਆਂ ਵਲੋਂ ਦੋ ਪੈਟਰੋਲ ਪੰਪਾਂ ਤੋਂ ਨਕਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਚੁੱਕਾ ਹੈ ਜਿਸ ਸਬੰਧੀ ਪੁਲਸ ਨੂੰ ਹਾਲੇ ਤੱਕ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ ਹੈ ਤੇ ਹੁਣ ਤਾਜ਼ੀ ਘਟਨਾ ਵਿਚ ਰਾਤ ਸਮੇਂ ਬੈਂਕ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।