ਢੀਂਡਸਾ ਨਾਲ ਤਸਵੀਰਾਂ ਖਿਚਵਾਉਣ ''ਚ ਰੁੱਝੇ ਆਗੂਆਂ ਦੀਆਂ ਕੱਟੀਆਂ ਗਈਆਂ ਜੇਬਾਂ
Monday, Apr 08, 2019 - 03:14 PM (IST)
ਭਵਾਨੀਗੜ੍ਹ (ਕਾਂਸਲ) : ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਅੱਜ ਭਵਾਨੀਗੜ੍ਹ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਪਰਮਿੰਦਰ ਢੀਂਡਸਾ ਦੇ ਹਲਕੇ ਵਿਚ ਆਉਣ 'ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਿਚ ਰੁੱਝੇ ਆਗੂਆਂ ਦੀ ਬੇਧਿਆਨੀ ਦਾ ਫਾਇਦਾ ਉਠਾਉਂਦਿਆਂ ਇਕੱਠ ਵਿਚ ਮੌਜੂਦ ਜੇਬ ਕਤਰਿਆਂ ਨੇ ਕਈ ਆਗੂਆਂ ਦੀ ਜੇਬਾਂ 'ਤੇ ਆਪਣਾ ਹੱਥ ਸਾਫ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਆਗੂਆਂ ਨੂੰ ਜੇਬ ਕਤਰਿਆਂ ਵੱਲੋਂ ਆਪਣੀਆਂ ਜੇਬਾਂ ਸਾਫ ਕਰ ਦੇਣ ਬਾਰੇ ਉਸ ਸਮੇਂ ਪਤਾ ਲੱਗਾ, ਜਦੋਂ ਢੀਂਡਸਾ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਅਚਾਨਕ ਆਪਣੀਆਂ ਜੇਬਾਂ ਚੈੱਕ ਕੀਤੀਆਂ ਤਾਂ ਕਈ ਆਗੂਆਂ ਦੇ ਪਰਸ ਗਾਇਬ ਹੋ ਚੁੱਕੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਆਕਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਦੱਸਿਆ ਕਿ ਉਨ੍ਹਾਂ ਨੇ 10 ਹਜ਼ਾਰ ਰੁਪਏ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਚੋਰੀ ਹੋ ਗਏ ਹਨ। ਇਸੇ ਤਰ੍ਹਾਂ ਜੇਬ ਕਤਰਿਆਂ ਨੇ ਅਕਾਲੀ ਦਲ ਦੇ ਬਲਾਕ ਧੂਰੀ ਦੇ ਪ੍ਰਧਾਨ ਕਰਮਜੀਤ ਸਿੰਘ ਭੁਲਰਹੇੜੀ ਦੇ ਪਰਸ 'ਤੇ ਹੱਥ ਸਾਫ ਕਰਦਿਆਂ 9 ਹਜ਼ਾਰ ਰੁਪਏ ਦੀ ਨਗਦੀ ਅਤੇ ਸਥਾਨਕ ਨਗਰ ਕੌਂਸਲ ਦੇ ਉਪ ਪ੍ਰਧਾਨ ਅਤੇ ਭਾਜਪਾ ਆਗੂ ਸੁਖਜਿੰਦਰ ਸਿੰਘ ਰੀਟੂ ਦੇ ਪਰਸ 'ਤੇ ਆਪਣਾ ਹੱਥ ਸਾਫ ਕੀਤਾ। ਆਗੂਆਂ ਨੇ ਦੱਸਿਆ ਕਿ ਇਕ ਹੋਰ ਆਗੂ, ਜਿਸ ਦੇ ਪਰਸ ਵਿਚ ਬੈਂਕ ਦੀ ਕਿਸ਼ਤ ਭਰਨ ਲਈ 32 ਹਜ਼ਾਰ ਰੁਪਏ ਸਨ, ਉਹ ਵੀ ਜੇਬ ਕਤਰਿਆਂ ਨੇ ਚੋਰੀ ਕਰ ਲਏ ਹਨ।
ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਗਦੀ ਜਾਣ ਦਾ ਦੁੱਖ ਤਾਂ ਹੈ ਹੀ ਪਰ ਇਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਪਰਸਾਂ ਵਿਚ ਨਗਦੀ ਤੋਂ ਇਲਾਵਾਂ ਹੋਰ ਜੋ ਜ਼ਰੂਰੀ ਦਤਸਾਵੇਜ ਸਨ, ਉਹ ਹੁਣ ਦੁਬਾਰਾ ਹਾਸਲ ਨਹੀਂ ਕਰ ਸਕਦੇ। ਦੱਸ ਦੇਈਏ ਕਿ ਇਸ ਤਰ੍ਹਾਂ ਦੇ ਇਕੱਠਾਂ ਵਿਚ ਜੇਬ ਕਤਰਿਆਂ ਵਲੋਂ ਆਗੂਆਂ ਦੀਆਂ ਜੇਬਾਂ 'ਤੇ ਹੱਥ ਸਾਫ ਕਰਨ ਦੀ ਇਹ ਕੋਈ ਪਹਿਲੀ ਜਾਂ ਨਵੀਂ ਘਟਨਾ ਨਹੀਂ ਹੈ, ਸਗੋਂ ਸ਼ਹਿਰ 'ਚ ਹਰ ਵਾਰ ਜਦੋਂ ਵੀ ਕਿਸੇ ਵੀ ਪਾਰਟੀ ਦਾ ਕੋਈ ਵੱਡਾ ਇਕੱਠ ਹੁੰਦਾ ਹੈ ਜਾਂ ਫਿਰ ਕੋਈ ਆਗੂ ਆਉਂਦਾ ਹੈ ਤਾਂ ਉਸ ਦੇ ਸਵਾਗਤ ਦੌਰਾਨ ਜੇਬ ਕਤਰੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਕਸਰ ਹੀ ਅੰਜ਼ਾਮ ਦਿੰਦੇ ਹਨ।