ਭਵਾਨੀਗੜ੍ਹ ’ਚ ਗੁੰਡਾਗਰਦੀ ਦਾ ਨੰਗਾ ਨਾਚ, ਵਿਆਹ ਤੋਂ ਪਰਤ ਰਹੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Wednesday, Nov 10, 2021 - 12:20 PM (IST)

ਭਵਾਨੀਗੜ੍ਹ (ਵਿਕਾਸ): ਕੱਲ੍ਹ ਦੇਰ ਸ਼ਾਮ ਇੱਥੇ ਫੱਗੂਵਾਲਾ ਕੈਂਚੀਆਂ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਤੇਜ਼ਧਾਰ ਹਥਿਆਰਾਂ ਨਾਲ ਲੈਸ ਡੇਢ ਦਰਜਨ ਦੇ ਕਰੀਬ ਹਮਲਾਵਰਾਂ ਨੇ ਵਿਆਹ ’ਚੋਂ ਪਰਤ ਰਹੇ ਕਾਰ ਸਵਾਰ ਵਿਅਕਤੀ ਅਤੇ ਉਸਦੇ ਧੀ-ਜਵਾਈ ਸਮੇਤ 5 ਲੋਕਾਂ ਨੂੰ ਘੇਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ’ਚ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, 2 ਬੱਚਿਆਂ ਦਾ ਸੀ ਪਿਓ
ਜਾਣਕਾਰੀ ਦਿੰਦਿਆਂ ਹਮਲੇ ’ਚ ਜ਼ਖਮੀ ਹੋਏ ਜਰਨੈਲ ਸਿੰਘ ਵਾਸੀ ਰੇਤਗੜ੍ਹ ਨੇ ਦੱਸਿਆ ਕਿ ਅੱਜ ਉਸ ਦੀ ਭਤੀਜੀ ਦਾ ਵਿਆਹ ਸੀ ਤੇ ਕੱਲ੍ਹ ਰਾਤ ਡੀ.ਜੇ. ਵਾਲੀ ਰਾਤ ਪ੍ਰੋਗਰਾਮ ’ਚ ਆ ਕੇ ਉਸ ਦੇ ਭਤੀਜੇ ਦੇ ਦੋਸਤਾਂ ਨੇ ਖੱਪ ਪਾਉਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਗਿਆ ਤਾਂ ਉਸੇ ਰਾਤ ਗੁੱਸੇ ’ਚ ਆ ਕੇ ਭਤੀਜੇ ਦੇ ਦੋਸਤਾਂ ਨੇ ਉਸ ਦੇ ਘਰ ’ਤੇ ਇੱਟਾਂ ਰੋੜੇ ਵਰਾ ਦਿੱਤੇ। ਜਰਨੈਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਮੰਗਲਵਾਰ ਸ਼ਾਮ ਜਦੋਂ ਉਹ ਆਪਣੀ ਪਤਨੀ ਪਰਮਜੀਤ ਕੌਰ, ਜਵਾਈ ਗੁਰਜਿੰਦਰ ਸਿੰਘ, ਬੇਟੀ ਅਮਨਪ੍ਰੀਤ ਕੌਰ ਵਾਸੀ ਸੁਹਾਨਾ (ਮੋਹਾਲੀ) ਤੇ ਸੁਖਵਿੰਦਰ ਕੌਰ ਵਾਸੀ ਦਿਆਲਗੜ੍ਹ ਨਾਲ ਕਾਰ ’ਚ ਸਵਾਰ ਹੋ ਕੇ ਭਿੰਡਰਾਂ ਪੈਲੇਸ ’ਚੋਂ ਵਿਆਹ ’ਚੋਂ ਵਾਪਸ ਆ ਰਹੇ ਸਨ ਤਾਂ ਫੱਗੂਵਾਲਾ ਕੈਂਚੀਆਂ ਪੁਲ ਨੇੜੇ ਰਾਮਪੁਰਾ ਪਿੰਡ ਵੱਲ ਨੂੰ ਮੁੜਦਿਆਂ ਹੀ ਤਾਕ ’ਚ ਖੜ੍ਹੇ ਉਸਦੇ ਭਤੀਜੇ ਦੇ 15-16 ਦੋਸਤਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਉਨ੍ਹਾਂ ਉੱਪਰ ਕ੍ਰਿਪਾਨਾਂ, ਕਿਰਚਾਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਕਾਰ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਹਮਲੇ 'ਚ ਉਸਦੇ ਸਮੇਤ ਕਾਰ 'ਚ ਸਵਾਰ ਉਕਤ ਸਾਰੇ ਲੋਕ ਗੰਭੀਰ ਜਖਮੀ ਹੋ ਗਏ। ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਦੀ ਵੀ ਕੋਈ ਰੰਜਿਸ਼ ਨਹੀਂ ਪਰ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਉਪਰ ਇਹ ਹਮਲਾ ਡੀ.ਜੇ. ਦੀ ਰਾਤ ਭਤੀਜੇ ਦੇ ਦੋਸਤਾਂ ਨੂੰ ਰੋਕਣ ਕਰ ਕੇ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਪਾਰਟੀ ਛੱਡਦੇ ਹੀ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ
ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਦੀ ਪਛਾਣ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਰਨੈਲ ਸਿੰਘ ਮੁਤਾਬਕ ਹਮਲਾ ਕਰਨ ਵਾਲਿਆਂ ’ਚੋਂ ਕੁਝ ਵਿਅਕਤੀਆਂ ਨੂੰ ਉਹ ਪਛਾਣਦੇ ਵੀ ਹਨ। ਓਧਰ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਘਟਨਾ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਮਹਿੰਦਰ ਸਿੰਘ ਕੇ.ਪੀ. ਨੂੰ ਮਿਲਿਆ ਕੈਬਨਿਟ ਰੈਂਕ