ਚੋਣਾਂ ਦੌਰਾਨ ਜਮ੍ਹਾ ਕਰਵਾਇਆ ਰਿਵਾਲਵਰ ਥਾਣੇ ''ਚੋਂ ਗੁੰਮ, ਦੋ ਪੁਲਸ ਮੁਲਾਜ਼ਮਾਂ ਖਿਲਾਫ਼ ਪਰਚਾ

Saturday, Dec 21, 2019 - 01:18 PM (IST)

ਚੋਣਾਂ ਦੌਰਾਨ ਜਮ੍ਹਾ ਕਰਵਾਇਆ ਰਿਵਾਲਵਰ ਥਾਣੇ ''ਚੋਂ ਗੁੰਮ, ਦੋ ਪੁਲਸ ਮੁਲਾਜ਼ਮਾਂ ਖਿਲਾਫ਼ ਪਰਚਾ

ਭਵਾਨੀਗੜ੍ਹ (ਵਿਕਾਸ, ਸੰਜੀਵ) : ਥਾਣੇ 'ਚ ਜਮ੍ਹਾ ਕਰਵਾਇਆ ਰਿਵਾਲਵਰ ਗੁੰਮ ਹੋਣ ਦੇ ਮਾਮਲੇ 'ਚ ਦੋ ਪੁਲਸ ਮੁਲਾਜ਼ਮਾਂ 'ਤੇ ਗਾਜ਼ ਡਿੱਗੀ ਹੈ। ਇਸ ਸਬੰਧੀ ਪੁਲਸ ਨੇ ਏ. ਐੱਸ. ਆਈ. ਅਤੇ ਹੌਲਦਾਰ ਵਿਰੁੱਧ ਅਣਗਹਿਲੀ ਵਰਤਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ।

ਜਾਣਕਾਰੀ ਅਨੁਸਾਰ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੱਗੂਵਾਲਾ ਦਾ ਰਿਵਾਲਵਰ 32 ਬੋਰ ਨੰਬਰੀ ਐੱਫ. ਜੀ. 03834 ਸਹਾਇਕ ਥਾਣੇਦਾਰ ਸਰਬਜੀਤ ਸਿੰਘ ਵੱਲੋਂ ਲਿਆ ਕੇ ਭਵਾਨੀਗੜ੍ਹ ਥਾਣਾ ਮੁੱਖ ਮੁਨਸ਼ੀ ਹੌਲਦਾਰ ਮਹਿੰਦਰ ਸਿੰਘ ਕੋਲ ਮਾਲਖਾਨਾ ਜਮ੍ਹਾ ਕਰਵਾਇਆ ਗਿਆ ਸੀ ਅਤੇ ਜਸਵਿੰਦਰ ਸਿੰਘ ਨੂੰ ਆਪਣੇ ਦਸਤਖਤਾਂ ਹੇਠ ਰਸੀਦ ਕੱਟ ਕੇ ਦਿੱਤੀ ਸੀ। ਦੋਸ਼ ਹੈ ਕਿ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਮੁੱਖ ਮੁਨਸ਼ੀ ਹੌਲਦਾਰ ਮਹਿੰਦਰ ਸਿੰਘ ਕੋਲੋਂ ਅਸਲੇ ਦੀ ਰਸੀਦ ਹਾਸਲ ਨਾ ਕਰ ਕੇ ਅਤੇ ਹੌਲਦਾਰ ਮਹਿੰਦਰ ਸਿੰਘ ਨੇ ਜਮ੍ਹਾ ਅਸਲਾ ਦਾ ਲਿਖਤੀ ਰਿਕਾਰਡ ਨਾ ਰੱਖ ਦੋਵੇਂ ਮੁਲਾਜ਼ਮਾਂ ਨੇ ਅਣਗਹਿਲੀ ਦਾ ਸਬੂਤ ਦਿੱਤਾ, ਜਿਸ ਸਬੰਧੀ ਉਕਤ ਪੁਲਸ ਮੁਲਾਜ਼ਮਾਂ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਓਧਰ, ਡੀ. ਐੱਸ. ਪੀ. ਭਵਾਨੀਗੜ੍ਹ ਗੁਬਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ, ਅਣਗਹਿਲੀ ਦਿਖਾਉਣ ਵਾਲੇ ਮੁਲਾਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ।


author

cherry

Content Editor

Related News