ਪਛਤਾਉਂਦਾ ਹੈ ਪੰਜਾਬ, ਲਿਆ ਕੇ ਕੈਪਟਨ ਦੀ ਸਰਕਾਰ : ਭਗਵੰਤ ਮਾਨ

Friday, Feb 15, 2019 - 10:16 AM (IST)

ਪਛਤਾਉਂਦਾ ਹੈ ਪੰਜਾਬ, ਲਿਆ ਕੇ ਕੈਪਟਨ ਦੀ ਸਰਕਾਰ : ਭਗਵੰਤ ਮਾਨ

ਭਵਾਨੀਗੜ੍ਹ(ਕਾਂਸਲ)— ਪੰਜਾਬ ਸਰਕਾਰ ਨੇ ਜੇਕਰ ਪੰਜਾਬ ਦੀ ਜਨਤਾ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦੇਣ ਲਈ ਆਪਣੇ ਬਜਟ ਸੈਸ਼ਨ ਵਿਚ ਬਿਜਲੀ 'ਤੇ ਸਬਸਿਡੀ ਦੇਣ ਲਈ ਕੋਈ ਵਿਸ਼ੇਸ਼ ਬਜਟ ਨਾ ਰੱÎਖਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਅੱਜ ਸਥਾਨਕ ਚਹਿਲਾ ਪੱਤੀ ਵਿਖੇ 'ਆਪ ਅਪÎਣਿਆਂ ਨਾਲ ਰੂ-ਬ-ਰੂ' ਪ੍ਰਗੋਰਾਮ ਤਹਿਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਅੰਦੋਲਨ ਨੂੰ ਲੈ ਕੇ ਪਿੰਡਾਂ ਵਿਚ ਸ਼ੁਰੂ ਕੀਤੀ ਗਈ ਜਨ ਸੰਪਰਕ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਾਨ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਨੇ ਆਪਣੀ ਗਲਤੀ ਸੁਧਾਰਨ ਦੀ ਥਾਂ ਉਲਟਾ ਸਾਡੇ ਅੰਦੋਲਨ ਵਿਚ ਸ਼ਾਮਲ ਹੋ ਕੇ ਨਾਜਾਇਜ਼ ਆਏ ਬਿੱਲ ਦਿਖਾਉਣ ਵਾਲੇ ਪਿੰਡ ਜਾਗੋਵਾਲ ਦੇ ਵਿਅਕਤੀਆਂ ਦੇ ਬਿਨ੍ਹਾਂ ਕਿਸੇ ਨੋਟਿਸ ਤੋਂ ਕੁਨੈਕਸ਼ਨ ਕੱਟ ਦਿੱਤੇ ਸਨ। ਜਿਨ੍ਹਾਂ ਨੂੰ ਅੱਜ ਉਹ ਖੁਦ ਆਪਣੇ ਹੱਥੀਂ ਜੋੜ ਕੇ ਆਏ ਹਨ। ਮਾਨ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਦੀ ਸਰਕਾਰ ਵੱਲੋਂ ਆਪਣੀ ਹਿਸੇਦਾਰੀ ਵਾਲੇ ਜੋ ਨਿੱਜੀ ਥਰਮਲਪਲਾਂਟ ਲਗਾਏ ਸਨ, ਮੌਜੂਦਾ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਨੂੰ ਰੱਦ ਕਰਨ ਦੀ ਥਾਂ ਉਲਟਾ ਆਪਣੀਆਂ ਹਿੱਸੇਦਾਰੀਆਂ ਪਾ ਲਈਆਂ। ਇਹੀ ਕਾਰਨ ਹੈ ਕਿ ਪੰਜਾਬ ਵਿਚ ਦੇਸ਼ ਦੇ ਬਾਕੀ ਸਾਰੇ ਰਾਜਾਂ ਦੇ ਮੁਕਾਬਲੇ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਸਿਰਫ ਸਰਕਾਰ ਬਦਲੀ ਹੈ ਬਾਕੀ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਚਲ ਰਿਹਾ ਹੈ। ਨਾ ਹੀ ਪੰਜਾਬ ਵਿਚ ਕਿਸਾਨ ਖੁਦਕਸ਼ੀਆਂ ਰੁਕੀਆਂ ਹਨ ਅਤੇ ਨਾ ਹੀ ਪੰਜਾਬ ਵਿਚ ਕੋਈ ਹੋਰ ਚੰਗਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਪਣੇ ਹੱਕ ਮੰਗਣ ਲਈ ਲੋਕਾਂ ਨੂੰ ਬਠਿੰਡੇ ਜਾਣਾ ਪੈਂਦਾ ਸੀ ਅਤੇ ਹੁਣ ਪਟਿਆਲੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੰਧਾਂ 'ਤੇ ਲਿਖੇ ਉਸ ਨਾਅਰੇ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਨੂੰ ਬਦਲ ਕੇ ਇਹ ਲਿਖ ਦੇਣਾ ਚਾਹੀਦਾ ਹੈ ਕਿ 'ਪਛਤਾਉਂਦਾ ਹੈ ਪੰਜਾਬ, ਲਿਆ ਕੇ ਕੈਪਟਨ ਦੀ ਸਰਕਾਰ'।

ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਕੌਰ ਭਰਾਜ ਜ਼ਿਲਾ ਪ੍ਰਧਾਨ ਯੂਥ ਵਿੰਗ, ਹਰਭਜਨ ਸਿੰਘ ਹੈਪੀ, ਕਮਲ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਚ ਵਲੰਟੀਆਰ ਮੌਜੂਦ ਸਨ।


author

cherry

Content Editor

Related News