ਪੰਜਾਬ ਨੂੰ ਤੀਜੇ ਬਦਲ ਦੀ ਲੋੜ : ਸੁਖਪਾਲ ਖਹਿਰਾ

12/05/2018 2:58:59 PM

ਭਵਾਨੀਗੜ (ਕਾਂਸਲ) — ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਦੇ ਆਗੂਆਂ ਪ੍ਰਤੀ ਅਪਣਾਏ ਜਾ ਰਹੇ ਤਾਨਾਸ਼ਾਹੀ ਰਵੱਈਏ ਕਾਰਨ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਵਿਚੋਂ ਆਪਣਾ ਵਿਸ਼ਵਾਸ ਪੂਰੀ ਤਰ੍ਹਾਂ ਗੁਵਾ ਚੁੱਕੀ ਹੈ ਅਤੇ ਪੰਜਾਬ ਦੇ ਚੰਗੇ ਭਵਿੱਖ ਲਈ ਤੀਸਰੇ ਬਦਲ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਚ ਹੋਣ ਵਾਲੇ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨੇੜਲੇ ਪਿੰਡ ਘਰਾਚੋਂ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਹਾਈਕਮਾਂਡ ਵਿਚ ਕੁੱਝ ਅਜਿਹੇ ਆਗੂ ਬੈਠੇ ਹਨ ਜੋ ਪੰਜਾਬ ਦਾ ਚੰਗਾ ਨਹੀਂ ਚਾਹੁੰਦੇ ਅਤੇ ਜਦੋਂ ਵੀ ਕੋਈ ਪੰਜਾਬ ਦੇ ਚੰਗੇ ਲਈ ਗੱਲ ਕਰਦਾ ਹੈ ਜਾਂ ਪਾਰਟੀ ਹਾਈਕਮਾਂਡ ਨਾਲ ਪੰਜਾਬ ਸੰਬੰਧੀ ਗਲਤ ਨੀਤੀਆਂ ਲਈ ਸਵਾਲ-ਜਵਾਬ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਚੋਂ ਕੱਢ ਕੇ ਕਿਨਾਰੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਇਸੇ ਤਰ੍ਹਾਂ ਪਾਰਟੀ ਵਿਚੋਂ ਕਿਨਾਰੇ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਕ-ਇਕ ਕਰਕੇ ਹੋਰ ਆਗੂਆਂ ਸਮੇਤ ਹੁਣ ਸਾਡੇ ਨਾਲ ਵੀ ਇਹੀ ਵਿਤਕਰਾ ਕੀਤਾ ਗਿਆ ਹੈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਦਾ ਮੂੰਹ ਬੰਦ ਕਰਨ ਲਈ ਉਸ 'ਤੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਉਸ ਦਾ ਮੂੰਹ ਬੰਦ ਕਰਵਾਉਣ ਦਾ ਰਿਵਾਜ ਚੱਲ ਰਿਹਾ ਹੈ ਜੋ ਕਿ ਬਹੁਤ ਹੀ ਘਾਤਕ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਜਨਤਾ ਨੂੰ ਸੱਚ ਤੋਂ ਜਾਣੂ ਕਰਵਾਉਣ ਲਈ ਜਦੋਂ ਵੀ ਸੱਚ ਬੋਲਿਆ ਗਿਆ ਤਾਂ ਉਨ੍ਹਾਂ ਉਪਰ ਝੂਠੇ ਮੁਕੱਦਮੇ ਦਰਜ ਕੀਤੇ ਗਏ ਪਰ ਮਾਨਯੋਗ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ।

ਇਸ ਮੌਕੇ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਇਕੋ ਥਾਲੀ ਦੇ ਚੱਟੇ-ਵੱਟੇ ਦਸਦਿਆਂ ਕਿਹਾ ਕਿ ਇਨ੍ਹਾਂ ਵਿਚ ਕੋਈ ਫ਼ਰਕ ਨਹੀਂ ਹੈ ਅਤੇ ਹੁਣ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਵਿਚੋਂ ਵਜੂਦ ਖਤਮ ਹੋ ਗਿਆ ਹੈ ਅਤੇ ਪੰਜਾਬ ਦੇ ਚੰਗੇ ਭਵਿੱਖ ਲਈ ਤੀਸਰੇ ਬਦਲ ਦੀ ਲੋੜ ਹੈ। ਉਸ ਦੀ ਪੂਰਤੀ ਅਸੀਂ ਸਾਰੇ ਮਿਲਕੇ ਕਰਾਂਗੇ, ਜਿਸ ਵਿਚ ਮੇਰੇ ਤੋਂ ਇਲਾਵਾ ਬੈਂਸ ਭਰਾ, ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਜੀ ਅਤੇ ਹੋਰ ਆਗੂ ਸ਼ਾਮਲ ਹੋਣਗੇ। ਅਸੀਂ ਸਾਰੇ ਮਿਲ ਕੇ ਜਲਦ ਹੀ ਨਵੀਂ ਪਾਰਟੀ ਦਾ ਨਿਰਮਾਣ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਇਨਸਾਫ ਮੋਰਚੇ ਦਾ ਮੁੱਖ ਮਕਸਦ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਬਰਗਾੜੀ ਵਿਖੇ ਰੋਸ ਪ੍ਰਗਟ ਕਰ ਰਹੇ ਨਿਹੱਥੇ ਸਿੱਖਾਂ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਿਰਮਲ ਸਿੰਘ, ਗੁਰਦੇਵ ਸਿੰਘ ਦੁੱਲਟ, ਕੁਲਦੀਪ ਸਿੰਘ ਕਾਲਾ ਮਾਨ ਅਤੇ ਗੁਰਪ੍ਰੀਤ ਸਿੰਘ ਘਰਾਚੋਂ ਸਮੇਤ ਕਈ ਹੋਰ ਸਥਾਨਕ ਆਗੂ ਵੀ ਮੌਜੂਦ ਸਨ।


cherry

Content Editor

Related News