ਟੁੱਟੀਆਂ ਸੜਕਾਂ ਬਣੀਆਂ ਜਾਨ ਦਾ ਖੌਅ: ਵਾਹਨ ਦੀ ਫੇਟ ਵੱਜਣ ਕਾਰਣ ਪਤੀ-ਪਤਨੀ ਦੀ ਮੌਤ, ਬੱਚਾ ਜ਼ਖ਼ਮੀ
Thursday, Sep 10, 2020 - 06:06 PM (IST)
ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਖਸਤਾ ਹਾਲਤ ਮੁੱਖ ਸੜਕ ਜਿਸ ਦੇ ਨਿਰਮਾਣ ਕਾਰਜ ਚਲ ਰਹੇ ਹਨ 'ਤੇ ਕੈਂਚੀਆਂ ਨੇੜੇ ਅੱਜ ਸਵੇਰੇ ਇਕ ਕਾਰ ਵਲੋਂ ਇਕ ਮੋਟਰਸਾਇਕਲ ਨੂੰ ਪਿੱਛੋਂ ਫੇਟ ਮਾਰ ਦੇਣ ਕਾਰਨ ਹੋਏ ਹਾਦਸੇ 'ਚ ਮੋਟਰਸਾਇਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਜਾਣ ਅਤੇ 2 ਸਾਲਾ ਮਾਸੂਮ ਬੱਚੇ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਸਕਾਲਰਸ਼ਿਪ ਘਪਲੇ ਦਾ ਪੈਸਾ ਕਾਂਗਰਸ ਹਾਈਕਮਾਂਡ ਨੂੰ ਵੀ ਮਿਲਿਆ, ਕੈਪਟਨ ਕਿਵੇਂ ਕਰਨਗੇ ਕਾਰਵਾਈ: ਸੁਖਬੀਰ ਬਾਦਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਦੇ ਸਹਾਇਕ ਸਬ-ਇੰਸਪੈਕਟਰ ਦਰਬਾਰਾ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਸਤਿਗੁਰ ਸਿੰਘ ਵਾਸੀ ਪਿੰਡ ਕਾਹਣਗੜ੍ਹ ਤਹਿਸੀਲ ਬੁੱਢਲਾਡਾ ਜ਼ਿਲ੍ਹਾ ਮਾਨਸਾ ਅੱਜ ਜਦੋਂ ਆਪਣੀ ਪਤਨੀ ਅਤੇ ਬੱਚੇ ਨਾਲ ਆਪਣੇ ਮੋਟਰਸਾਇਕਲ ਰਾਹੀਂ ਨਾਭਾ ਤੋਂ ਭਵਾਨੀਗੜ੍ਹ ਨੂੰ ਪਰਤ ਰਹੇ ਸਨ ਤਾਂ ਇੱਥੇ ਕੈਂਚੀਆਂ ਨੇੜੇ ਸੜਕ ਦੀ ਅਤਿ ਖਸਤਾ ਹਾਲਤ ਨੂੰ ਸੁਧਾਰਨ ਲਈ ਸੜਕ ਦੇ ਪੂਨਰ ਨਿਰਮਾਣ ਦੇ ਚੱਲ ਰਹੇ ਕਾਰਜਾਂ ਕਾਰਨ ਸੜਕ ਉਪਰ ਇਕ ਸਾਇਡ ਤੋਂ ਹੀ ਆਵਾਜਾਈ ਹੋਣ ਕਾਰਨ ਮੋਟਰਸਾਇਕਲ ਚਾਲਕ ਵਲੋਂ ਜਦੋਂ ਬਰੇਕ ਲਗਾਈ ਗਈ ਤਾਂ ਪਿੱਛੋਂ ਆਉਂਦੀ ਇਕ ਕਾਰ ਨੇ ਇਨ੍ਹਾਂ ਦੇ ਮੋਟਰਸਾਇਕਲ ਨੂੰ ਪਿੱਛੋਂ ਫੇਟ ਮਾਰ ਦਿੱਤੀ ।
ਇਸ ਹਾਦਸੇ 'ਚ ਸਤਿਗੁਰ ਸਿੰਘ, ਉਸ ਦੀ ਪਤਨੀ ਮੀਨਾ ਕੌਰ ਅਤੇ 2 ਸਾਲਾ ਦਾ ਮਾਸੂਮ ਬੱਚਾ ਤਿੰਨੋਂ ਸੜਕ ਉਪਰ ਡਿੱਗ ਜਾਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਪੰਹੁਚ ਕੇ ਸਤਿਗੁਰ ਸਿੰਘ ਅਤੇ ਉਸ ਦੀ ਪਤਨੀ ਮੀਨਾ ਕੌਰ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦਾ ਤਾਂਡਵ, 22 ਸਾਲਾ ਨੌਜਵਾਨ ਸਣੇ 3 ਦੀ ਮੌਤ, ਵੱਡੀ ਗਿਣਤੀ 'ਚ ਨਵੇਂ ਮਾਮਲੇ ਆਏ ਸਾਹਮਣੇ