ਭਵਾਨੀਗੜ੍ਹ ਵਾਸੀਆਂ ਨੂੰ ਮਿਲਿਆ ਪਹਿਲਾ ''ਬਾਇਓ ਡਾਇਵਰਸਿਟੀ'' ਪਾਰਕ

12/05/2020 6:42:38 PM

ਭਵਾਨੀਗੜ੍ਹ,(ਕਾਂਸਲ) : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਨੂੰ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣ ਵੱਲ ਇੱਕ ਹੋਰ ਕਦਮ ਪੁੱਟਦਿਆਂ ਅੱਜ ਭਵਾਨੀਗੜ੍ਹ ਵਿਖੇ ਆਪਣੀ ਤਰ੍ਹਾਂ ਦੇ ਪਹਿਲੇ 'ਬਾਇਓਡਾਇਵਰਸਿਟੀ' ਪਾਰਕ ਦਾ ਉਦਘਾਟਨ ਕੀਤਾ। ਲਗਭਗ 2.2 ਏਕੜ ਰਕਬੇ 'ਤੇ ਫੈਲੇ ਇਸ ਪਾਰਕ ਨੂੰ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ 'ਤੇ ਜੰਗਲਾਤ ਵਿਭਾਗ ਦੀ ਸੰਗਰੂਰ ਡਵੀਜ਼ਨ ਵੱਲੋਂ 1.18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਸਿੰਗਲਾ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਪਾਰਕ ਤਿਆਰ ਕਰਵਾਇਆ ਗਿਆ ਹੈ, ਕਦੇ ਉਸ ਜਗਾ 'ਤੇ ਨਗਰ ਕੌਂਸਲ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਜਗਾ 'ਤੇ ਨਮੂਨੇ ਦਾ ਪਾਰਕ ਬਣਨ ਨਾਲ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਇਆ ਹੈ। ਇਸ ਪਾਰਕ ਨੂੰ ਤਿਆਰ ਕਰਨ ਲਈ ਕੈਬਨਿਟ ਮੰਤਰੀ ਨੇ ਜੰਗਲਾਤ ਵਿਭਾਗ 'ਚ ਏ. ਸੀ. ਐਸ. ਰਵਨੀਤ ਕੌਰ ਅਤੇ ਪੀ. ਸੀ. ਸੀ. ਐਫ਼. ਜਿਤੇਂਦਰ ਸ਼ਰਮਾ ਨਾਲ ਲਗਾਤਾਰ ਰਾਬਤਾ ਰੱਖਿਆ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਪਾਰਕ ਭਵਾਨੀਗੜ੍ਹ ਸ਼ਹਿਰ 'ਚ ਬਣਿਆ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਸ ਪਾਰਕ 'ਚ ਬੂਟਿਆਂ ਦੀਆਂ 165 ਤੋਂ ਵਧੇਰੇ ਕਿਸਮਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ 10 ਜ਼ੋਨਾਂ 'ਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਜ਼ੋਨਾਂ 'ਚ, 25 ਕਿਸਮਾਂ ਮੈਡੀਸੀਨਲ ਬੂਟਿਆਂ ਦੀਆਂ, 30 ਰਵਾਇਤੀ ਬੂਟੇ, 58 ਤਰਾਂ ਦਾ ਕੰਡਾਥੋਹਰ, 40 ਕਿਸਮਾਂ ਦੀਆਂ ਝਾੜੀਆਂ ਤੇ ਫ਼ੁੱਲਾਂ ਵਾਲੇ ਬੂਟੇ, 4 ਤਰਾਂ ਦੇ ਪਾਲਮ, 5 ਕਿਸਮਾਂ ਦੇ ਬਾਂਸ ਅਤੇ 3 ਕਿਸਮ ਦੀ ਚੀਲ ਲਗਾਈ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪਾਰਕ 'ਚ ਖ਼ਾਸ ਕਿਸਮਾਂ ਦੇ ਬੂਟਿਆਂ ਤੋਂ ਇਲਾਵਾ ਸੈਰਗਾਹ, ਓਪਨ ਜਿੰਮ, ਬੱਚਿਆਂ ਲਈ ਵੱਖਰਾ ਕੋਨਾ ਅਤੇ ਇਮਾਰਤਾਂ ਅੰਦਰ ਰੱਖੇ ਜਾ ਸਕਣ ਵਾਲੇ ਬੂਟਿਆਂ ਦੀ ਖ਼ਾਸ ਗੈਲਰੀ ਵੀ ਬਣਾਈ ਗਈ ਹੈ। ਉਨਾਂ ਕਿਹਾ ਕਿ ਇਸ ਪਾਰਕ ਨੂੰ ਤਿਆਰ ਕਰਵਾਉਣ ਦਾ ਮੁੱਖ ਮਕਸਦ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਕਰਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਤੇ ਬੂਟਿਆਂ ਦੀ ਸੰਭਾਲ ਪ੍ਰਤੀ ਚੇਤੰਨ ਕਰਨਾ ਹੈ। ਉਨਾਂ ਕਿਹਾ ਕਿ ਹਾਲਾਂਕਿ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ ਪਰ ਹੁਣ ਇਸਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੂੰ ਹੀ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਡੀ.ਐਫ਼.ਓ. ਵਿੱਦਿਆ ਸਾਗਰੀ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਭਵਾਨੀਗੜ ਡਾ. ਕਰਮਜੀਤ ਸਿੰਘ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਜਸਵੀਰ ਕੌਰ ਅਤੇ ਚੇਅਰਮੈਨ ਬਲਾਕ ਸੰਮਤੀ ਵਰਿੰਦਰ ਪੰਨਵਾਂ ਵੀ ਹਾਜ਼ਰ ਸਨ।


Deepak Kumar

Content Editor

Related News