ਮੰਡੀਕਰਨ ਪ੍ਰਣਾਲੀ ਤੋੜਣ ਖਿਲਾਫ ਘਰਾਚੋਂ ਦੇ ਕਿਸਾਨਾਂ ਕੀਤੀ ਨਾਅਰੇਬਾਜ਼ੀ

Saturday, Feb 22, 2020 - 02:56 PM (IST)

ਮੰਡੀਕਰਨ ਪ੍ਰਣਾਲੀ ਤੋੜਣ ਖਿਲਾਫ ਘਰਾਚੋਂ ਦੇ ਕਿਸਾਨਾਂ ਕੀਤੀ ਨਾਅਰੇਬਾਜ਼ੀ

ਭਵਾਨੀਗੜ (ਅੱਤਰੀ) : ਪਿੰਡ ਘਰਾਚੋਂ ਵਿਖੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਮੰਡੀਕਰਨ ਪ੍ਰਣਾਲੀ ਤੋੜਣ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ, ਮੀਤ ਪ੍ਰਧਾਨ ਜਗਦੇਵ ਸਿੰਘ ਘਰਾਚੋਂ, ਯੂਥ ਆਗੂ ਜਸਪਾਲ ਸਿੰਘ, ਸੋਹਣ ਸਿੰਘ, ਜਗਸੀਰ ਸਿੰਘ, ਕੁਲਤਾਰ ਸਿੰਘ, ਕੇਵਲ ਸਿੰਘ, ਨਛੱਤਰ ਸਿੰਘ, ਗੁਰਚਰਨ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮੰਡੀਕਰਨ ਪ੍ਰਣਾਲੀ ਤੋੜਣ ਅਤੇ ਸਰਕਾਰੀ ਖਰੀਦ ਬੰਦ ਕਰਨ ਸਬੰਧੀ ਜੋ ਫੈਸਲਾ ਕੀਤਾ ਹੈ, ਉਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਪੰਜਾਬ ਦਾ ਕਿਸਾਨ ਬਿਲਕੁਲ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਕਰਨ ਤੋੜਣ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਫਸਲਾਂ ਕਣਕ ਅਤੇ ਝੋਨੇ ਦਾ ਸਰਕਾਰੀ ਰੇਟ ਨਹੀਂ ਮਿਲੇਗਾ ਅਤੇ ਪ੍ਰਾਈਵੇਟ ਸੈਕਟਰ ਨੂੰ ਮਨਮਰਜ਼ੀ ਦੇ ਭਾਅ 'ਤੇ ਕਿਸਾਨਾਂ ਦੀ ਫਸਲ ਖਰੀਦਣ ਦੀ ਖੁੱਲ੍ਹ ਦੇ ਦਿੱਤੀ ਜਾਵੇਗੀ।

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨੀਤੀ ਨਾਲ ਫਸਲਾਂ ਦੀ ਖਰੀਦ ਸਬੰਧੀ ਸਰਕਾਰ ਦਾ ਕੰਟਰੋਲ ਖਤਮ ਹੋ ਜਾਵੇਗਾ ਅਤੇ ਮੰਡੀਆਂ ਦਾ ਸਿਸਟਮ ਬੰਦ ਹੋ ਜਾਵੇਗਾ। ਇਕੱਠੇ ਹੋਏ ਕਿਸਾਨਾਂ ਨੇ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਕਿਸਾਨ ਧਰਨੇ 'ਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੰਡੀਕਰਨ ਬੰਦ ਹੋਣ ਨਾਲ ਸਿਰਫ ਕਿਸਾਨ ਹੀ ਤਬਾਹ ਨਹੀਂ ਹੋਵੇਗਾ ਸਗੋਂ ਇਸ ਨਾਲ ਜੁੜੇ ਆੜ੍ਹਤੀਏ, ਟਰੱਕ ਯੂਨੀਅਨਾਂ, ਲੇਬਰ ਅਤੇ ਹੋਰ ਧੰਦਿਆਂ 'ਤੇ ਵੀ ਮਾਰੂ ਅਸਰ ਪਵੇਗਾ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ।


author

Baljeet Kaur

Content Editor

Related News