ਰੇਸ਼ਮ ਦੇ ਕੀਡ਼ੇ ਪਾਲਣ ਦੀ ਪਹਿਲੀ ਲਾਈਵ ਪ੍ਰਦਰਸ਼ਨੀ
Thursday, Apr 04, 2019 - 04:09 AM (IST)

ਬਠਿੰਡਾ (ਮੁਨੀਸ਼)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਕਾਲਜ ਆਫ ਐਗਰੀਕਲਚਰ ਵਲੋਂ ਪਿਛਲੇ ਦਿਨੀਂ ਇਕ ਹਫਤੇ ਦੀ ਰੇਸ਼ਮ ਦੇ ਕੀਡ਼ੇ ਪਾਲਣ ਸਬੰਧੀ ਲਾਈਵ ਪ੍ਰਦਰਸ਼ਨੀ ਦਾ ਆਯੋਜਨ ਖੇਤੀਬਾਡ਼ੀ ਮਿਊਜ਼ੀਅਮ ਵਿਖੇ ਕੀਤਾ ਗਿਆ। ਵਿਦਿਆਰਥੀਆਂ ਤੇ ਇਲਾਕੇ ਦੇ ਲੋੋਕਾਂ ਵਿਸ਼ੇਸ਼ ਕਰ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣਨ ਵਾਲੀ ਸੂਬੇ ਦੀ ਅਜਿਹੀ ਪਹਿਲੀ ਪ੍ਰਦਰਸ਼ਨੀ ਨੇ ਕਈ ਮੀਲ ਪੱਥਰ ਸਾਬਤ ਕੀਤੇ। ਪ੍ਰਦਰਸ਼ਨੀ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਤੇ ਕਿਸਾਨੀ ਲਈ ਇਸ ਤਰ੍ਹਾਂ ਦੇ ਪ੍ਰਾਜੈਕਟ ਵੱਡੀ ਪੱਧਰ ’ਤੇ ਮਦਦ ਕਰਨਗੇ। ਉਨ੍ਹਾਂ ’ਵਰਸਿਟੀ ਦੀ ਇਸ ਪ੍ਰਾਪਤੀ ’ਤੇ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਤੇ ਕਿਸਾਨਾਂ ਨੂੰ ਰੇਸ਼ਮ ਦੇ ਕੀਡ਼ੇ ਪਾਲਣ ਦੀ ਵਿਧੀ ਦੀ ਜਾਣਕਾਰੀ ਲੈ ਕੇ ਰੇਸ਼ਮ ਉਤਪਾਦਨ ’ਚ ਹਿੱਸਾ ਪਾਉਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਕਿਸਾਨ ਇਸ ਕਿੱਤੇ ਨੂੰ ਸਹਿ ਕਿੱਤੇ ਵਜੋਂ ਸਥਾਪਤ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹਨ। ਕਾਲਜ ਦੇ ਡੀਨ ਡਾ .ਅਜਮੇਰ ਸਿੰਘ ਸਿੱਧੂ ਨੇ ਦੱਸਿਆ ਕਿ ’ਵਰਸਿਟੀ ’ਚ ਕਿਸਾਨਾਂ ਦੀਆਂ ਫਸਲਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪਲਾਂਟ ਕਲੀਨਿਕ ਖੋਲ੍ਹਿਆ ਗਿਆ ਹੈ, ਜਿਸ ਦਾ ਕਿਸਾਨ ਵੱਡੇ ਪੱਧਰ ’ਤੇ ਲਾਭ ਲੈ ਕੇ ਫਸਲਾਂ ਦੀਆਂ ਵੱਖ-ਵੱਖ ਬੀਮਾਰੀਆਂ ਦਾ ਹੱਲ ਕਰ ਸਕਦੇ ਹਨ। ਕੀਟ ਵਿਗਿਆਨੀ ਡਾ. ਜੋਰਾ ਸਿੰਘ ਬਰਾਡ਼ ਨੇ ਹਾਜ਼ਰੀਨ ਨੂੰ ਰੇਸ਼ਮ ਦੇ ਕੀਡ਼ੇ ਪਾਲਣ ਦੀ ਵਿਧੀ, ਸਮੱਸਿਆਵਾਂ, ਉਤਪਾਦਨ,ਖਰਚ ਤੇ ਕਈ ਅਹਿਮ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਤੂਤ ਦੇ ਪੱਤਿਆਂ ਦੀ ਖੁਰਾਕ ਲੈ ਕੇ ਰੇਸ਼ਮ ਦੇ ਕੀਡ਼ੇ ਲਗਭਗ ਦੋ ਮਹੀਨਿਆਂ ’ਚ ਆਮਦਨ ਦੇਣ ਲਈ ਤਿਆਰ ਹੋ ਜਾਂਦੇ ਹਨ। ਜਿਸ ਨੂੰ ਵੱਖ-ਵੱਖ ਕੰਪਨੀਆਂ ਸੌਖਿਆਂ ਹੀ ਦਸ ਹਜ਼ਾਰ ਤੋਂ 12 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਿਸਾਨ ਸਿਲਕ ਦੇ ਉਤਪਾਦਨ ’ਚ ਹਿੱਸਾ ਪਾ ਕੇ ਆਮਦਨ ਲੈਣ ਲਈ ’ਵਰਸਿਟੀ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡੀਨ ਅਕਾਦਮਿਕ ਡਾ. ਜੀ. ਐੱਸ. ਬਰਾਡ਼, ਕੰਟਰੋਲਰ ਪ੍ਰੀਖਿਆਵਾਂ ਬਰਜਿੰਦਰ ਸਿੰਘ ਮਾਨ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਸ਼ਰਮਾ ਨੇ ਇਸ ਤਰ੍ਹਾਂ ਦੀ ਲਾਈਵ ਪ੍ਰਦਰਸ਼ਨੀ ਦਾ ਆਯੋਜਨ ਸਫਲਤਾਪੂਰਵਕ ਕਰਨ ’ਤੇ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।