ਬਾਬਾ ਕਾਲੂ ਨਾਥ ਦਾ ਮੇਲਾ ਸ਼ੁਰੂ
Thursday, Apr 04, 2019 - 04:07 AM (IST)
ਬਠਿੰਡਾ (ਬੱਜੋਆਣੀਆਂ)-ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਸੰਤ ਬਾਬਾ ਕਾਲੂ ਨਾਥ ਜੀ ਦੀ ਯਾਦ ’ਚ ਨਥਾਣਾ ਵਿਖੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ, ਸਾਲਾਨਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਗੁਰੂ ਸਾਹਿਬ ਦੀ ਯਾਦ ’ਚ ਸਥਾਪਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਬਾਬਾ ਕਾਲੂ ਨਾਥ ਜੀ ਦੇ ਮੰਦਰ ਨੂੰ ਸ਼ਰਧਾਲੂਆਂ ਵਲੋਂ ਵਿਸ਼ੇਸ਼ ਰੂਪ ’ਚ ਸਜਾ ਕੇ ਰਾਤ ਸਮੇਂ ਦੀਪਮਾਲਾ ਸ਼ੁਰੂ ਕੀਤੀ ਗਈ। ਬਾਬਾ ਕਾਲੂ ਨਾਥ ਸੱਭਿਆਚਾਰਕ ਕਲੱਬ ਦੇ ਨੌਜਵਾਨਾਂ ਵਲੋਂ ਸਮੁੱਚੇ ਨਗਰ ਨੂੰ ਝੰਡੀਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ ਹੈ। ਨਗਰ ਪੰਚਾਇਤ ਵਲੋਂ ਨਗਰ ਦੀਆਂ ਗਲੀਆਂ ਅਤੇ ਹੋਰ ਜਨਤਕ ਥਾਵਾਂ ਦੀ ਵਿਸ਼ੇਸ਼ ਰੂਪ ’ਚ ਸਫਾਈ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਵੀ ਕੀਤੇ ਗਏ ਹਨ। ਪੁਲਸ ਪ੍ਰਸ਼ਾਸਨ ਵਲੋਂ ਮੇਲੇ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਪੁਲਸ ਫੋਰਸ ਸਥਾਨਕ ਥਾਣੇ ਭੇਜੀ ਗਈ ਹੈ। ਮੇਲੇ ਵਾਲੀ ਥਾਂ ਉਪਰ ਬੱਚਿਆਂ ਅਤੇ ਆਮ ਲੋਕਾਂ ਦੇ ਮਨੋਰੰਜਨ ਲਈ ਝੂਲੇ ਆਦਿ ਲੱਗਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਮੇਲੇ ਦੀ ਸ਼ੁਰੂਆਤ ਰਿਵਾਇਤੀ ਢੰਗ ਨਾਲ ਢੋਲ ਵਜਾ ਕੇ ਕੀਤੀ ਜਾਂਦੀ ਹੈ। 3 ਅਪ੍ਰੈਲ ਨੂੰ ਦੇਸ਼-ਵਿਦੇਸ਼ ’ਚੋਂ ਸ਼ਰਧਾਲੂ ਸੰਗਤਾਂ ਚੌਂਕੀ ਭਰਨ ਲਈ ਬਾਬਾ ਕਾਲੂ ਨਾਥ ਮੰਦਰ ਪੁੱਜ ਜਾਣਗੀਆਂ, ਜੋ 4 ਅਪ੍ਰੈਲ ਨੂੰ ਨੇਡ਼ਲੇ ਪਿੰਡ ਗੰਗਾ ਦੇ ਤਲਾਬ ’ਚ ਇਸ਼ਨਾਨ ਕਰਨ ਪਿੱਛੋਂ ਆਪਣੇ ਵਡੇਰੇ ਬਾਬਾ ਰਾਜਾ ਰਾਮ ਦੀ ਸਮਾਧ ’ਤੇ ਨਤਮਸਤਕ ਹੋਣ ਪਿੱਛੋਂ ਬਾਬਾ ਕਾਲੂ ਨਾਥ ਦੇ ਮੰਦਰ ਅਤੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਲਈ ਪੁੱਜਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਧਾਰਮਕ ਦੀਵਾਨ ਸਜਾਏ ਜਾ ਰਹੇ ਹਨ। ਵਿਰਸਾ ਸੰਭਾਲ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਉਨ੍ਹਾਂ ਵਲੋਂ ਮਲਵਈ ਗਿੱਧੇ ਅਤੇ ਪੁਰਤਾਨ ਢਾਡੀ, ਕਵੀਸ਼ਰੀ ਜਥਿਆਂ ਦਾ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਅਤੇ ਤਰਕਸ਼ੀਲ ਸੋਸਾਇਟੀ ਵੱਲੋਂ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਅਤੇ ਉਨ੍ਹਾਂ ਦੀ ਸੋਚ ਨੂੰ ਵਿਗਿਆਨਿਕ ਬਣਾਉੇਣ ਦੇ ਮਨੋਰਥ ਨਾਲ ਪ੍ਰਦਰਸ਼ਨੀ, ਨਾਟਕ ਆਦਿ ਕੀਤੇ ਜਾ ਰਹੇ ਹਨ।
