ਐੱਨ. ਐੱਸ. ਐੱਸ. ਕੈਂਪ ਮੌਕੇ ਪ੍ਰੋ. ਰਾਵਿੰਦਰ ਸਿੰਘ ਹੋਏ ਵਾਲੰਟੀਅਰਾਂ ਦੇ ਰੂ-ਬਰੂ

Wednesday, Feb 20, 2019 - 04:01 AM (IST)

ਐੱਨ. ਐੱਸ. ਐੱਸ. ਕੈਂਪ ਮੌਕੇ ਪ੍ਰੋ. ਰਾਵਿੰਦਰ ਸਿੰਘ ਹੋਏ ਵਾਲੰਟੀਅਰਾਂ ਦੇ ਰੂ-ਬਰੂ
ਬਠਿੰਡਾ (ਮਿੱਤਲ)-ਐੱਨ. ਐੱਸ. ਐੱਸ. ਕੈਂਪ ਵਾਲੰਟੀਅਰਾਂ ਨੂੰ ਜੀਵਨ ਜਾਂਚ ਸਿਖਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਵੀ ਉਸਾਰੂ ਵਿਕਾਸ ਕਰਦੇ ਹਨ। ਇਹ ਪ੍ਰਗਟਾਵਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਰਾਵਿੰਦਰ ਸਿੰਘ ਨੇ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਲਾਏ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਮੌਕੇ ਵਾਲੰਟੀਅਰਾਂ ਦੇ ਰੂ-ਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਅੰਦਰ ਨਵਾਂ ਉਤਸ਼ਾਹ ਪੈਦਾ ਕਰਦੇ ਹਨ, ਜੋ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਸਹਾਈ ਹੁੰਦਾ ਹੈ। ਕੈਂਪ ਦੌਰਾਨ ਵਾਲੰਟੀਅਰਾਂ ’ਚ ਸਹਿਚਾਰ ਅਤੇ ਆਪਣੀ ਸਾਂਝ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ। ਐੱਨ. ਐੱਸ. ਐੱਸ. ਕੈਂਪ ਯੂਥ ਲੀਡਰਸ਼ੀਪ ਦੇ ਗੁਣ ਵੀ ਪੈਦਾ ਕਰਦੀ ਹੈ, ਜੋ ਨੌਜਵਾਨਾਂ ਨੂੰ ਸਮਾਜਕ ਅਲਾਮਤਾਂ ਖ਼ਿਲਾਫ਼ ਡਟਨ ਦਾ ਸੱਦਾ ਦਿੰਦੇ ਹਨ। ਪ੍ਰੋ. ਸਿੰਘ ਨੇ ਐੱਨ. ਐੱਸ. ਐੱਸ. ਦੇ ਉਦੇਸ਼ਾਂ ਬਾਰੇ ਗੱਲਬਾਤ ਕਰਦਿਆਂ ਵਾਲੰਟੀਅਰਾਂ ਨੂੰ ਸੱਦਾ ਦਿੱਤਾ ਕਿ ਉਹ ਹਰ ਪਲ ਸਮਾਜਕ ਭਲਾਈ ਲਈ ਯਤਨਸ਼ੀਲ ਰਹਿਣ ਅਤੇ ਸਮੇਂ ਦੇ ਹਾਣੀ ਬਣਨ। ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਅਫ਼ਸਰ ਪ੍ਰੋ. ਮਨਦੀਪ ਕੌਰ ਨੇ ਕੈਂਪ ਦੌਰਾਨ ਵਾਲੰਟੀਅਰਾਂ ਵਲੋਂ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਾ. ਬਰਿੰਦਰ ਕੌਰ ਦੀ ਰਹਿਨੁਮਾਈ ਹੇਠ ਲਾਇਆ ਸੱਤ ਰੋਜ਼ਾ ਕੈਂਪ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਵਾਲੰਟੀਅਰਾਂ ਵਲੋਂ ਪ੍ਰੋ. ਰਾਵਿੰਦਰ ਸਿੰਘ ਪਾਸੋਂ ਐੱਨ. ਐੱਸ. ਐੱਸ. ਦੀਆਂ ਗਤੀਵਿਧੀਆਂ ਤੇ ਸਰਟੀਫਿਕੇਟਾਂ ਦੀ ਮਹੱਤਤਾ ਸਬੰਧੀ ਸਵਾਲ-ਜਵਾਬ ਵੀ ਕੀਤੇ ਗਏ। ਇਸ ਮੌਕੇ ਪ੍ਰੋ. ਨਵਦੀਪ ਕੌਰ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਸਾਕਸ਼ੀ, ਪ੍ਰੋ: ਨਰਪਿੰਦਰ ਸਿੰਘ ਆਦਿ ਸ਼ਾਮਲ ਸਨ।

Related News