ਮੰਡੀ ਕਲਾਂ ਦੇ ਲੋਕਾਂ ਨੇ ਸਰਕਾਰੀ ਸਕੂਲ ਦੀ ਨੁਹਾਰ ਬਦਲੀ

01/24/2019 10:00:03 AM

ਬਠਿੰਡਾ (ਸ਼ੇਖਰ)-ਲੋਕ ਸ਼ਕਤੀ ਲਈ ਕੁੱਝ ਵੀ ਅਸੰਭਵ ਨਹੀਂ ਇਸ ਕਥਨ ਨੂੰ ਸੱਚ ਸਾਬਤ ਕੀਤਾ ਮੰਡੀ ਕਲਾਂ ਦੇ ਪਿੰਡ ਵਾਸੀਆਂ ਨੇ ਸਰਕਾਰੀ ਐਲੀਮੈਂਟਰੀ ਬਸਤੀ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਹੈ। ਕਰੀਬ ਸੱਤ ਸਾਲ ਪਹਿਲਾ ਵਿਭਾਗ ਵਲੋਂ ਹਾਈਕੋਰਟ ਦੇ ਹੁਕਮਾਂ ਤਹਿਤ ਸਕੂਲ ਦੀ ਅਸੁਰੱਖਿਅਤ ਇਮਾਰਤ ਢਾਹ ਦਿੱਤੀ ਗਈ ਸੀ ਜਿਸ ਕਾਰਨ ਬੱਚਿਆਂ ਦੀਆਂ ਕਲਾਸਾਂ ਦਰੱਖਤਾਂ ਹੇਠਾਂ ਲਾਈਆਂ ਜਾਂਦੀਆਂ ਸਨ ਇਸ ਤੋਂ ਬਾਅਦ ਸਰਕਾਰ ਵਲੋਂ ਛੇ ਕਮਰੇ ਤਾਂ ਤਿਆਰ ਕਰ ਦਿੱਤੇ ਗਏ ਸਨ ਪਰ ਸਕੂਲ ਦੀ ਚਾਰ ਦੀਵਾਰੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਅਵਾਰਾ ਪਸ਼ੂਆਂ ਤੇ ਸ਼ਰਾਰਤੀ ਅਨਸਰਾਂ ਨੇ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸਕੂਲ ਸਟਾਫ ਨੇ ਪਿੰਡ ਵਾਸੀਆਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆਂ ਤਾਂ ਬੰਧਨਾ ਵਿਲਡਰਜ ਦੇ ਮਾਲਕ ਵਲੋਂ ਇਕ ਲੱਖ ਪੰਜਾਹ ਹਜ਼ਾਰ ਰੁਪਏ ਸਕੂਲ ਦੀ ਚਾਰਦੀਵਾਰੀ ਲਈ, ਮਾਸਟਰ ਬਲੌਰ ਸਿੰਘ ਵਲੋਂ ਅਤੇ ਮਿਸਤਰੀ ਕੌਰੀ ਢੱਡੇ ਨੇ ਸਕੂਲ ਦਾ ਮੁੱਖ ਦਰਵਾਜ਼ਾ ਅਤੇ ਵਹਿਕਲ ਖਡ਼ੇ ਕਰਨ ਲਈ ਸ਼ੈਡ ਦਾ ਨਿਰਮਾਣ, ਮਾਸਟਰ ਪ੍ਰਲਾਦ ਕੁਮਾਰ ਵਲੋਂ ਭੋਜਨ ਹਾਲ ਦਾ ਨਿਰਮਾਣ, ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੂ ਪੇਂਟਰ ਵਲੋਂ ਸਾਥੀਆਂ ਨਾਲ ਮਿਲ ਕੇ ਸਕੂਲ ਨੂੰ ਰੰਗ ਕਰਕੇ ਸਕੂਲ ਨੂੰ ਨਵੀਂ ਦਿੱਖ ਦਿੱਤੀ, ਸਮਾਜ ਸੇਵੀ ਨੌਜਵਾਨ ਜਗਦੀਪ ਸਿੰਘ ਜੱਗੀ ਨੇ ਸਕੂਲ ’ਚ ਵਾਟਰ ਕੂਲਰ ਅਤੇ ਵਾਟਰ ਫਿਲਟਰ ਅਤੇ ਦਾਨੀ ਸੱਜਣਾਂ ਨੇ 500 ਰੁਪਏ ਤੋਂ ਲੈ ਕੇ 11000 ਰੁਪਏ ਤੱਕ ਦੀ ਦਿੱਤੀ ਸਹਾਇਤਾ ਨਾਲ ਸਕੂਲ ਵਿਚ ਲਾਇਆ ਘਾਹ, ਫੁੱਟਪਾਥ ਤੇ ਸਜਾਵਟੀ ਬੂਟੇ ਅਤੇ ਨਵੇਂ ਬਾਥਰੂਮਾਂ ਅਤੇ 11 ਕਮਰਿਆਂ ਦੀ ਸ਼ਾਨਦਾਰ ਇਮਾਰਤ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੀ ਹੈ। ਇਸ ਸਮੇਂ ਸਕੂਲ ਸਟਾਫ ਪਰਮਿੰਦਰ ਸਿੰਘ, ਮਨਦੀਪ ਭੁੱਲਰ, ਬੇਅੰਤ ਕੌਰ, ਪਰਦੀਪ ਕੌਰ,ਵੀਰਪਾਲ ਕੌਰ ਨੇ ਸਕੂਲ ਨੂੰ ਦਿੱਤੀ ਸਹਾਇਤਾ ਲਈ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਕੂਲ ਦੀ ਦਿੱਖ ਬਦਲਣ ’ਚ ਮਾਸਟਰ ਕੇਵਲ ਸਿੰਘ ਨੈਸ਼ਨਲ ਅੈਵਾਰਡੀ, ਗੁਰਸੇਵਕ ਸਿੰਘ ਰੋਮਾਣਾ, ਜਗਜੀਤ ਸਿੰਘ ਸਿੱਧੂ, ਪਰਦੀਪ ਭੁੱਲਰ, ਸੁਖਜੀਤ ਬੂਸਰ ਅਤੇ ਰਾਜਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Related News