ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਿਸਾਨਾਂ ਦੇ ਘਰੋਂ ਫਸਲ ਚੁੱਕੇ ਸਰਕਾਰ : ਲੱਖੋਵਾਲ

Monday, Apr 06, 2020 - 04:06 PM (IST)

ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਿਸਾਨਾਂ ਦੇ ਘਰੋਂ ਫਸਲ ਚੁੱਕੇ ਸਰਕਾਰ : ਲੱਖੋਵਾਲ

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਣਕ ਦੀ ਖਰੀਦ ਸਿੱਧੀ ਕਿਸਾਨਾਂ ਦੇ ਘਰੋਂ ਕਰੇ ਤਾਂ ਜੋ ਮੰਡੀਆਂ 'ਚ ਭੀੜ ਜਮ੍ਹਾਂ ਹੋਣ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਕਣਕ ਦੀ ਸਫ਼ਾਈ, ਤੁਲਾਈ, ਲੋਡਿੰਗ ਦੇ ਕੰਮਾਂ ਨੂੰ ਮਾਰਕਿਟ ਕਮੇਟੀ, ਪੰਚਾਇਤ ਤੇ ਆੜ੍ਹਤੀਆਂ ਦੀ ਤਾਲਮੇਲ ਕਮੇਟੀ ਬਣਾ ਕੇ ਇਹ ਕੰਮ ਮਗਨਰੇਗਾ ਮਜ਼ਦੂਰਾਂ ਰਾਹੀ ਪਿੰਡਾਂ ’ਚੋਂ ਸਿੱਧਾ ਕਿਸਾਨਾਂ ਦੇ ਘਰੋਂ ਕੀਤਾ ਜਾਵੇ।
 ਲੱਖੋਵਾਲ ਨੇ ਕਿਹਾ ਕਿ ਜੋ ਕਿਸਾਨ ਕਣਕ ਦੀਆਂ ਬੋਰੀਆਂ ਗੋਦਾਮਾਂ ਤੱਕ ਪਹੁੰਚਦਾ ਕਰਦੇ ਹਨ, ਉਨ੍ਹਾਂ ਨੂੰ ਕਿਰਾਇਆ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੀ ਪੇਮੈਂਟ 48 ਘੰਟਿਆਂ 'ਚ ਦਿੱਤੀ ਜਾਵੇ ਤੇ ਫ਼ਸਲ ਦਾ ਭਾਅ 30 ਅਪ੍ਰੈਲ ਤੱਕ ਐੱਮ. ਐਸ. ਪੀ ਅਨੁਸਾਰ 1925 ਤੇ 1 ਮਈ ਤੋਂ 31 ਮਈ ਤੱਕ 100 ਰੁਪਏ ਪ੍ਰਤੀ ਰੁਪਏ ਕੁਇੰਟਲ ਵੱਧ ਦੇ ਕੇ 2025 ਰੁਪਏ, 1 ਜੂਨ ਤੋਂ 30 ਜੂਨ ਤੱਕ 100 ਰੁਪਏ ਵੱਧ ਦੇ ਕੇ 2125 ਰੁਪਏ ਕਣਕ ਘਰ ਸਾਂਭਣ ਦਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜ਼ਿਆਦਾ ਦੇਰ ਕਣਕ ਦੀ ਫ਼ਸਲ ਨੂੰ ਖੇਤਾਂ 'ਚ ਖੜ੍ਹੀ ਨਹੀ ਰੱਖ ਸਕਦੇ ਕਿਉਂਕਿ ਅੱਗ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਸਾਰੇ ਪ੍ਰਬੰਧ ਛੇਤੀ ਤੋਂ ਛੇਤੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਪੱਤਰਕਾਰਾਂ, ਪੁਲਸ ਮੁਲਾਜ਼ਮਾਂ, ਡਾਕਟਰਾਂ ਅਤੇ ਸਿਹਤ ਵਰਕਰਾਂ ਦਾ 50 ਲੱਖ ਦਾ ਬੀਮਾ ਕੀਤਾ ਹੈ, ਉਸੇ ਤਰ੍ਹਾਂ ਕਿਸਾਨਾਂ ਦਾ ਵੀ 50 ਲੱਖ ਦਾ ਬੀਮਾ ਕੀਤਾ ਜਾਵੇ।
 ਲੱਖੋਵਾਲ ਨੇ ਕਿਹਾ ਕਿ ਫੈਕਟਰੀਆਂ ਬੰਦ ਹੋਣ ਨਾਲ ਪ੍ਰਦੂਸ਼ਣ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਅੱਜ ਦੇ ਦਿਨ 90 ਫੀਸਦੀ ਕਮੀ ਆਈ ਹੈ, ਜੋ ਲੋਕ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਸਮਝਦੇ ਸਨ, ਉਹ ਇਸ ਨੂੰ ਨੋਟ ਕਰਨ ਕਿਉਂਕਿ ਕਿਸਾਨਾਂ ਦੀ ਖੇਤੀ ਤਾਂ ਹੁਣ ਵੀ ਚੱਲ ਰਹੀ ਹੈ ਅਤੇ ਹਵਾ, ਪਾਣੀ ’ਚੋਂ ਪ੍ਰਦੂਸ਼ਣ ਖਤਮ ਹੋ ਗਿਆ ਹੈ, ਇਸ ਲਈ ਕਿਸਾਨਾਂ ’ਤੇ ਦੋਸ਼ ਮੜਨ ਨਾਲੋਂ ਪ੍ਰਦੂਸ਼ਣ ਲਈ ਜ਼ਿੰਮੇਵਾਰ ਇਕਾਈਆਂ ਦੀ ਪਛਾਣ ਕਰਕੇ ਉਸ ਨੂੰ ਰੋਕਿਆ ਜਾਵੇ।


 


author

Babita

Content Editor

Related News