ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ
Sunday, May 31, 2020 - 12:01 PM (IST)
ਲੁਧਿਆਣਾ (ਸਲੂਜਾ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਅਤੇ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਲਗਾਏ ਤਾਂ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵਾਂਗੇ। ਲੱਖੋਵਾਲ ਅਤੇ ਰਾਮਾ ਨੇ ਕਿਹਾ ਕਿ ਕਿਸਾਨ ਯੂਨੀਅਨ ਨੇ ਲੰਬਾ ਸਮਾਂ ਸੰਘਰਸ਼ ਲੜ੍ਹ ਕੇ ਕਿਸਾਨਾ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਮੁਆਫ ਕਰਵਾਏ ਸਨ ਪਰ ਹੁਣ ਕੈਪਟਨ ਸਰਕਾਰ ਇਕ ਸਾਜਿਸ਼ ਤਹਿਤ ਇਸ ਸਹੂਲਤ ਨੂੰ ਖੋਹਣ ਦੀਆਂ ਸਾਜਿਸ਼ਾਂ ਰਚ ਰਹੀ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾ ਹੀ ਆਰਥਿਕ ਸੰਕਟ ਦੇ ਦੌਰ 'ਚੋਂ ਲੰਘਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਨਾਜਾਇਜ਼ ਮਾਈਨਿੰਗ ਨੂੰ ਰੋਕ ਕੇ ਪਾਰਦਰਸ਼ਤਾ ਲਿਆਵੇ। ਇਸ ਦੇ ਨਾਲ ਕਿਸਾਨਾ ਨੂੰ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਨਕਲੀ ਖਾਦ, ਬੀਜ ਅਤੇ ਦਵਾਈਆਂ ਵੇਚਣ ਵਾਲਿਆਂ 'ਤੇ ਨਕੇਲ ਕੱਸੀ ਜਾਵੇ। ਰਾਜਸੀ ਆਗੂਆਂ ਦੀਆਂ 4-4 ਪੈਨਸ਼ਨਾ ਬੰਦ ਕਰਕੇ 1 ਪੈਨਸ਼ਨ ਲਗਾਈ ਜਾਵੇ। ਕੈਪਟਨ ਸਰਕਾਰ ਨਵੇ ਟੈਕਸ ਲਗਾਉਣ ਦੀ ਬਜਾਏ ਇਸ ਸੰਕਟ ਦੀ ਘੜੀ 'ਚ ਹਰ ਵਰਗ ਦੇ ਲੋਕਾ ਨੂੰ ਵੱਧ ਤੋ ਵੱਧ ਸਹੂਲਤਾ ਦੇਣ ਦਾ ਪ੍ਰੰਬਧ ਕਰੇ, ਨਹੀ ਤਾਂ ਸਰਕਾਰ ਖਿਲਾਫ ਅੰਦੋਲਨ ਵਿੱਢਿਆ ਜਾਵੇਗਾ।