ਪੰਜਾਬ ਕਾਂਗਰਸ 'ਚ ਵੱਡੀ ਘਾਤ ਲਾਉਣ ਦੀ ਤਿਆਰੀ 'ਚ 'ਭਾਜਪਾ', ਕੈਬਨਿਟ ਮੰਤਰੀ ਵੀ ਸੰਪਰਕ 'ਚ

Tuesday, May 24, 2022 - 11:28 AM (IST)

ਪੰਜਾਬ ਕਾਂਗਰਸ 'ਚ ਵੱਡੀ ਘਾਤ ਲਾਉਣ ਦੀ ਤਿਆਰੀ 'ਚ 'ਭਾਜਪਾ', ਕੈਬਨਿਟ ਮੰਤਰੀ ਵੀ ਸੰਪਰਕ 'ਚ

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਦੇ ਬੇਹੱਦ ਗੰਭੀਰ ਆਗੂਆਂ 'ਚ ਸ਼ੁਮਾਰ ਸਾਬਕਾ ਪ੍ਰਦੇਸ਼ ਪ੍ਰਧਾਨ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਸੁਨੀਲ ਜਾਖੜ ਨੂੰ ਆਪਣੇ ਖੇਮੇ ਵਿਚ ਜੋੜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੁਣ ਕਾਂਗਰਸ ਵਿਚ ਵੱਡੀ ਘਾਤ ਲਾਉਣ ਦੀ ਤਿਆਰੀ 'ਚ ਹੈ। ਬੀਤੇ ਸਾਲ ਕੈਪਟਨ ਅਮਰਿੰਦਰ ਕਾਂਗਰਸ ਦੇ ਪੰਜਾਬ 'ਚ ਮੁੱਖ ਮੰਤਰੀ ਸਨ, ਜਦੋਂ ਕਿ ਸੁਨੀਲ ਜਾਖੜ ਪ੍ਰਦੇਸ਼ ਪ੍ਰਧਾਨ ਪਰ ਸਾਲ ਤੋਂ ਵੀ ਘੱਟ ਸਮੇਂ ਵਿਚ ਇਨ੍ਹਾਂ ਦੋਹਾਂ ਨੂੰ ਕਾਂਗਰਸ ਨੇ ਆਪਣੀ ਅੰਦਰੂਨੀ ਸਿਆਸਤ ਅਤੇ ਕੁੱਝ ਆਗੂਆਂ ਨੂੰ ‘ਖੁਸ਼’ ਕਰਨ ਅਤੇ ਉਨ੍ਹਾਂ ਦੀ ‘ਈਗੋ ਸੰਤੁਸ਼ਟ’ ਕਰਨ ਦੇ ਫੇਰ ਵਿਚ ਨਾ ਸਿਰਫ਼ ਗੁਆ ਦਿੱਤਾ ਸਗੋਂ ਭਾਜਪਾ ਦੇ ਖੇਮੇ ਵਿਚ ਜਾਣ ਲਈ ਵੀ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਤੇ ਹਨ੍ਹੇਰੀ ਨੇ ਬਦਲਿਆ ਮੌਸਮ, ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ

ਇਨ੍ਹਾਂ ਵਿਚ ਵੀ ਕੈਪਟਨ ਨੇ ਤਾਂ ਤੁਰੰਤ ਪਲਟਵਾਰ ਕੀਤਾ ਸੀ ਪਰ ਜਾਖੜ ਆਪਣੇ ਸੁਭਾਅ ਮੁਤਾਬਕ ਸ਼ਾਂਤ ਹੋ ਕੇ ਬੈਠ ਗਏ ਸਨ ਪਰ ਅਨੁਸ਼ਾਸਨਹੀਣਤਾ ਦੇ ਨਾਂ ’ਤੇ ਥਮਾਏ ਗਏ ਕਾਰਨ ਦੱਸੋ ਨੋਟਿਸ ਨੂੰ ਆਪਣੇ ਆਤਮ-ਸਨਮਾਨ ਨਾਲ ਜੋੜ ਕੇ ਉਨ੍ਹਾਂ ਨੇ ਨੋਟਿਸ ਦਾ ਜਵਾਬ ਭੇਜਣ ਦੀ ਬਜਾਏ ਭਾਜਪਾ ਵਿਚ ਸ਼ਾਮਲ ਹੋ ਕੇ ਕਰਾਰਾ ਜਵਾਬ ਕਾਂਗਰਸ ਨੂੰ ਦੇ ਦਿੱਤਾ। ਇਹ ਸਿਲਸਿਲਾ ਫਿਲਹਾਲ ਰੁਕਣ ਵਾਲਾ ਨਜ਼ਰ ਨਹੀਂ ਆਉਂਦਾ। ਸੂਤਰਾਂ ਦੀ ਮੰਨੀਏ ਤਾਂ ਅਗਲੇ ਕੁੱਝ ਦਿਨਾਂ ਵਿਚ ਪੰਜਾਬ ਤੋਂ ਕਈ ਅਜਿਹੇ ਆਗੂ ਭਗਵਾ ਵਿਚ ਨਜ਼ਰ ਆਉਣਗੇ, ਜੋ ਕਾਂਗਰਸ ਵਿਚ ਪਾਸੇ ਕੀਤੇ ਗਏ ਹਨ। ਇਨ੍ਹਾਂ ਵਿਚ ਕਿਸੇ ਦੀ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਨਾਲ ਨਹੀਂ ਬਣ ਰਹੀ, ਜਦੋਂ ਕਿ ਕਿਸੇ ਨੂੰ ਚੋਣਾਂ ਸਮੇਂ ਸੀਨੀਅਰਤਾ ਦੇ ਬਾਵਜੂਦ ਟਿਕਟ ਨਾ ਮਿਲਣ ਕਾਰਨ ਭਾਰੀ ਨਿਰਾਸ਼ਾ ਅਤੇ ਅਪਮਾਨ ਝੱਲਣਾ ਪਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਅੱਜ ਤੋਂ ਥਰਮਾਮੀਟਰ, BP ਤੇ ਵੇਇੰਗ ਮਸ਼ੀਨ ਦੀ ਵਿਕਰੀ ਬੰਦ, ਜਾਣੋ ਕਾਰਨ

ਇਸ ਕੜੀ ਵਿਚ ਮਾਲਵਾ ਅਤੇ ਦੋਆਬੇ ਦੇ ਕੁਝ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਾਬਕਾ ਕੈਬਨਿਟ ਮੰਤਰੀ ਤੱਕ ਸ਼ਾਮਲ ਹਨ। ਸੂਤਰਾਂ ਅਨੁਸਾਰ ਕਾਂਗਰਸ ਦੇ ਇਕ ਸਾਬਕਾ ਵਿਧਾਇਕ ਵੀ ਭਾਜਪਾ ਵਿਚ ਜਾਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕੈਬਨਿਟ ਰੈਂਕ ਦਾ ਰੁਤਬਾ ਮਿਲ ਰਿਹਾ ਹੈ। ਦੋਆਬਾ ਦੇ ਇਕ ਸਾਬਕਾ ਸੰਸਦ ਮੈਂਬਰ ਵੀ ਭਾਜਪਾ ਦੇ ਸੰਪਰਕ 'ਚ ਬਣੇ ਹੋਏ ਹਨ। ਇਨ੍ਹਾਂ ਵਿਚੋਂ ਇਕ ਆਗੂ ਫਿਲਹਾਲ ਵਿਦੇਸ਼ ਵਿਚ ਹਨ ਅਤੇ ਉਨ੍ਹਾਂ ਦਾ ਦੇਸ਼ ਵਾਪਸੀ ’ਤੇ ਭਾਜਪਾ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਤੈਅ ਹੈ। ਇਨ੍ਹਾਂ ਕਾਂਗਰਸੀਆਂ ਦੇ ਲੋਕ-ਆਧਾਰ ਨੂੰ ਮਾਪ ਕੇ ਹੀ ਭਾਜਪਾ ਇਨ੍ਹਾਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ। ਖ਼ਾਸ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੇਂ ਸਭ ਤੋਂ ਵੱਡੀ ਸੰਨ੍ਹ ਭਾਜਪਾ ਨੇ ਹੀ ਲਾਈ ਸੀ, ਜਦੋਂ ਵਿਧਾਇਕ ਰਾਣਾ ਗੁਰਮੀਤ ਸੋਢੀ ਅਤੇ ਫ਼ਤਹਿ ਜੰਗ ਬਾਜਵਾ, ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਗੁਰਤੇਜ ਸਿੰਘ ਅਤੇ ਜਗਦੇਵ ਸਿੰਘ ਆਦਿ ਕਈ ਸਾਬਕਾ ਵਿਧਾਇਕ-ਸੰਸਦ ਮੈਂਬਰ ਆਦਿ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਪਰ ਹੁਣ ਭਾਜਪਾ ਨਾਲ ਸੰਪਰਕ ਵਿਚ ਭਾਵੇਂ ਕਈ ਕਾਂਗਰਸੀ ਹੋਣ ਪਰ ਪਾਰਟੀ ਕਾਫ਼ੀ ਸੋਚ-ਵਿਚਾਰ ਕੇ ਹੀ ਅਜਿਹੇ ਆਗੂਆਂ ਦੇ ਕੱਦ ਅਤੇ ਉਨ੍ਹਾਂ ਦੀ ਪਕੜ ਵੇਖ ਕੇ ਹੀ ਉਨ੍ਹਾਂ ਨੂੰ ਸ਼ਾਮਲ ਕਰਨ ਦੇ ਮੂਡ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ (ਵੀਡੀਓ)

ਭਾਜਪਾ ਨਹੀਂ ਚਾਹੁੰਦੀ ਕਿ ਅਜਿਹੇ ਨੇਤਾ ਉਨ੍ਹਾਂ ਦੀ ਪਾਰਟੀ ’ਤੇ ਬੋਝ ਬਣਨ। ਲੋਕ ਸਭਾ ਚੋਣਾਂ ਨੂੰ ਪੂਰੇ ਦੋ ਸਾਲ ਅਤੇ ਵਿਧਾਨ ਸਭਾ ਚੋਣਾਂ ਵਿਚ ਸਾਢੇ 4 ਸਾਲ ਤੋਂ ਜ਼ਿਆਦਾ ਦਾ ਸਮਾਂ ਪਿਆ ਹੈ। ਹਾਲਾਂਕਿ ਅਜੇ ਚੋਣਾਂ ਬਹੁਤ ਦੂਰ ਹਨ, ਇਸ ਲਈ ਭਾਜਪਾ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਵਿਚ ਨਹੀਂ ਹੈ। ਉਹ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਵਿਚ ਇਨ੍ਹਾਂ ਕਾਂਗਰਸੀਆਂ ਦੇ ਲੋਕ-ਆਧਾਰ ਨੂੰ ਮਾਪ ਕੇ ਹੀ ਇਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਨਾ ਚਾਹੁੰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News