ਭਾਰਤੀ ਕਿਸਾਨ ਯੂਨੀਅਨ ਨੇ ਕੀਤੀ ਰੋਸ ਰੈਲੀ

Wednesday, Oct 04, 2017 - 12:40 AM (IST)

ਭਾਰਤੀ ਕਿਸਾਨ ਯੂਨੀਅਨ ਨੇ ਕੀਤੀ ਰੋਸ ਰੈਲੀ

ਅਜੀਤਵਾਲ, (ਗਰੋਵਰ/ਰੱਤੀ)- ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਜ਼ਿਲਾ ਪ੍ਰਧਾਨ ਟਹਿਲ ਸਿੰਘ ਦੀ ਅਗਵਾਈ 'ਚ ਪਿੰਡ ਚੂਹੜਚੱਕ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ਵਿਚ ਪਿੰਡ ਦੇ ਕਿਸਾਨਾਂ-ਮਜ਼ਦੂਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਇਸ ਰੈਲੀ 'ਚ ਪੇਂਡੂ ਮਜ਼ਦੂਰ ਕ੍ਰਾਂਤੀਕਾਰੀ ਯੂਨੀਅਨ ਤੇ ਲੋਕ ਸੰਗਰਾਮ ਮੰਚ ਦੇ ਸਰਗਰਮ ਮੈਂਬਰ ਵੀ ਸ਼ਾਮਲ ਹੋਏ। ਇਸ ਮੌਕੇ ਬੁਲਾਰਿਆਂ ਨੇ ਪਿੰਡ ਦੇ ਹੀ ਇਕ ਧਨਾਢ ਵੱਲੋਂ ਜ਼ਮੀਨ ਦੇ ਰਸਤੇ ਸਬੰਧੀ ਕਿਸਾਨ ਆਗੂਆਂ 'ਤੇ ਦਰਜ ਕਰਵਾਏ ਝੂਠੇ ਪਰਚਿਆਂ ਦੀ ਪੁਰਜ਼ੋਰ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਹ ਝੂਠੇ ਪਰਚੇ ਰੱਦ ਨਾ ਹੋਏ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।  ਇਸ ਤੋਂ ਇਲਾਵਾ ਬੁਲਾਰਿਆਂ ਨੇ ਚੂਹੜਚੱਕ ਦੇ ਡੇਰਾ ਝਿੜੀ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਵਾਲੇ ਮਹੰਤ ਅਤੇ ਪਿੰਡ ਦੇ ਹੀ ਕੁਝ ਘੜੰਮ ਚੌਧਰੀਆਂ ਵੱਲੋਂ ਡੇਰੇ ਮੁਖੀ ਮਹੰਤ ਮੁਨੀ, ਪਿੰਡ ਵਾਸੀਆਂ ਅਤੇ ਭਾਕਿਯੂ ਦੇ ਆਗੂਆਂ ਨੂੰ ਪਿੰਡ ਸਲੀਣੇ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਪੁਲਸ ਪ੍ਰਸ਼ਾਸਨ ਨੂੰ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਰੈਲੀ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। 
ਇਸ ਸਮੇਂ ਜ਼ਿਲਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਪੇਂਡੂ ਮਜ਼ਦੂਰ ਕ੍ਰਾਂਤੀਕਾਰੀ ਦੇ ਪ੍ਰਧਾਨ ਹੀਰਾ ਸਿੰਘ, ਲੋਕ ਸੰਗਰਾਮ ਮੰਚ ਦੇ ਪ੍ਰਧਾਨ ਕਵਾਇਤ ਸਿੰਘ, ਹਰਭਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਬੀਬੀਆਂ ਵੀ ਹਾਜ਼ਰ ਸਨ।


Related News