''ਭਾਰਤ ਦਰਸ਼ਨ'' ਸਪੈਸ਼ਲ ਟਰੇਨ 21 ਦਸੰਬਰ ਤੋਂ, 5 ਧਾਰਮਿਕ ਅਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ

Monday, Nov 15, 2021 - 10:24 AM (IST)

ਚੰਡੀਗੜ੍ਹ (ਲਲਨ ਯਾਦਵ) : ਕੋਵਿਡ-19 ਦਾ ਪ੍ਰਭਾਵ ਘੱਟ ਹੋਣ ਦੇ ਨਾਲ ਹੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵੱਲੋਂ ‘ਭਾਰਤ ਦਰਸ਼ਨ’ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਆਈ. ਆਰ. ਸੀ. ਟੀ. ਸੀ. ਦੇ ਰੀਜਨਲ ਮੈਨੇਜਰ ਐੱਮ. ਪੀ. ਐੱਸ. ਰਾਘਵ ਨੇ ਦੱਸਿਆ ਕਿ ਫਿਰੋਜ਼ਪੁਰ ਕੈਂਟ, ਮੋਗਾ, ਲੁਧਿਆਣਾ ਵਾਇਆ ਚੰਡੀਗੜ੍ਹ ਹੁੰਦੇ ਹੋਏ ਸਪੈਸ਼ਲ ਟੂਰਿਸਟ ਟਰੇਨ 21 ਦਸੰਬਰ ਨੂੰ ਚਲਾਈ ਜਾਵੇਗੀ। ਇਸ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ 5 ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਸਲੀਪਰ ਸਪੈਸ਼ਲ ਟੂਰ ਪੈਕੇਜ ਲਈ ਆਈ. ਆਰ. ਸੀ. ਟੀ. ਸੀ. ਵੱਲੋਂ ਆਨਲਾਈਨ ਅਤੇ ਆਫਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਝੜਪ, ਨਿਹੰਗ ਸਿੰਘ ਨੇ ਇੰਸਪੈਕਟਰ 'ਤੇ ਤਾਣੀ ਤਲਵਾਰ

ਆਨਲਾਈਨ ਬੁਕਿੰਗ ਲਈ ਮੁਸਾਫ਼ਰ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ’ਤੇ ਵਿਜ਼ਿਟ ਕਰ ਕੇ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਆਫਲਾਈਨ ਬੁਕਿੰਗ ਲਈ ਮੁਸਾਫ਼ਰ ਨੇੜੇ ਦੇ ਰੇਲਵੇ ਸਟੇਸ਼ਨ ’ਤੇ ਜਾ ਕੇ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਵਿਚ ਮੁਸਾਫ਼ਰ ਨੂੰ ਰੋਜ਼ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਲਈ ਆਈ. ਆਰ. ਸੀ. ਟੀ. ਸੀ. ਵੱਲੋਂ ਮੁਸਾਫ਼ਰ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਗਰਾਓਂ 'ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਮੁਸਾਫ਼ਰਾਂ ਨੂੰ ਖ਼ਰਚਣੇ ਪੈਣਗੇ 9450 ਰੁਪਏ
ਆਈ. ਆਰ. ਸੀ. ਟੀ. ਸੀ. ਵੱਲੋਂ ਪੂਰੀ ਟਰੇਨ ਵਿਚ ਸਿਰਫ ਸਲੀਪਰ ਕਲਾਸ ਦੇ ਹੀ ਕੋਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਲੀਪਰ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰ ਨੂੰ 9450 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਇਹ ਟਰੇਨ 21 ਦਸੰਬਰ ਤੋਂ ਫਿਰੋਜ਼ਪੁਰ ਕੈਂਟ, ਮੋਗਾ, ਲੁਧਿਆਣਾ ਵਾਇਆ ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਦਿੱਲੀ ਕੈਂਟ, ਰੇਵਾੜੀ, ਅਲਵਰ, ਜੈਪੁਰ, ਆਗਰਾ ਫੋਰਟ, ਇਟਾਵਾ, ਕਾਨਪੁਰ, ਲਖਨਊ, ਸੁਲਤਾਨਪੁਰ, ਜੌਨਪੁਰ ਸਿਟੀ ਦੇ ਰਸਤੇ ਹੁੰਦੇ ਵਾਰਾਣਸੀ ਜਾਵੇਗੀ ਅਤੇ ਮੁਸਾਫ਼ਰਾਂ ਨੂੰ ਬੈਦਨਾਥ, ਗੰਗਾ ਸਾਗਰ, ਪੁਰੀ, ਕੋਣਾਰਕ ਅਤੇ ਗਯਾ ਦੇ ਦਰਸ਼ਨ ਕਰਵਾਏਗੀ।
ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਜਾਵੇਗਾ ਧਿਆਨ
ਰੀਜਨਲ ਮੈਨੇਜਰ ਨੇ ਦੱਸਿਆ ਕਿ ਸਫ਼ਰ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕੋਚਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਗਾਈਡਲਾਈਨਜ਼ ਦਿੱਤੀਆਂ ਜਾਣਗੀਆਂ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News