ਕਪੂਰਥਲਾ ਤੋਂ 12,000 ਬੋਰੀਆਂ ਚੌਲ ਬਰਾਮਦ ਹੋਣ ’ਤੇ ਬੋਲੇ ਆਸ਼ੂ, ਕਿਹਾ-ਝੋਨੇ ਦੀ ਬੋਗਸ ਮਿਲਿੰਗ ਨਹੀਂ ਹੋਵੇਗੀ ਬਰਦਾਸ਼ਤ
Thursday, Sep 30, 2021 - 10:24 PM (IST)
ਚੰਡੀਗੜ੍ਹ (ਬਿਊਰੋ)-‘ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ’ਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਕਪੂਰਥਲਾ ਦੇ ਗੋਪਾਲ ਰਾਈਸ ਮਿੱਲ ’ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਗੈਰ-ਕਾਨੂੰਨੀ ਤੌਰ ’ਤੇ ਜਮ੍ਹਾ ਕੀਤੀਆਂ 12,000 ਬੋਰੀਆਂ ਚੌਲ ਦੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 2 ਕਰੋੜ ਬਣਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਗੋਪਾਲ ਰਾਈਸ ਮਿੱਲ ਬੰਦ ਪਈ ਸੀ ਅਤੇ ਇਹ ਦੇਵਕੀ ਨੰਦਨ ਅਗਰਵਾਲ ਦੀ ਮਲਕੀਅਤ ਹੈ। ਇਹ ਮਿੱਲ ਮਾਲਕ ਦੇਸ਼ ਦੇ ਦੂਸਰੇ ਸੂਬਿਆਂ ਤੋਂ ਜਨਤਕ ਵੰਡ ਵਾਲੇ ਚੌਲਾਂ ਨੂੰ ਕਾਵਿਆਂਸ਼ ਟਰੇਡਿੰਗ, ਖੁਸ਼ੀ ਐਗਰੋ ਅਤੇ ਉਮਾਂਸੂ ਕੰਪਨੀ ਦੇ ਨਾਂ ਦੀਆਂ ਫਰਮਾਂ ਦੇ ਨਾਂ ਪੰਜਾਬ ’ਚ ਲਿਆ ਕੇ ਦੂਸਰੇ ਮਿੱਲਰਜ਼ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਕੋਟਕਪੂਰਾ ਦੇ ਸ਼੍ਰੀ ਕ੍ਰਿਸ਼ਨਾ ਰਾਈਸ ਮਿੱਲ ਵਿਖੇ ਛਾਪਾ ਮਾਰ ਕੇ 4000 ਬੈਗ ਚੌਲ ਅਤੇ 3800 ਬੈਗ ਪਰਮਲ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜਾ ਵੜਿੰਗ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ, ਕੀਤੇ ਤਿੱਖੇ ਸਵਾਲ
ਉਨ੍ਹਾਂ ਦੱਸਿਆ ਕਿ ਪੰਜਾਬ ਸੂਬੇ ’ਚ ਬੀਤੇ ਇਕ ਹਫ਼ਤੇ ਦੌਰਾਨ ਬੋਗਸ ਮਿਲਿੰਗ ਲਈ ਰੱਖੀਆਂ ਗਈਆਂ 42161 ਬੋਰੀਆਂ ਚੌਲ/ਝੋਨਾ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਕਿਸਾਨ ਇੰਡਸਟਰੀਜ਼ ਜਲਾਲਾਬਾਦ, ਫ਼ਾਜ਼ਿਲਕਾ ਤੋਂ 23000 ਬੋਰੀਆਂ ਚੌਲ, ਵਾਸੂਦੇਵ ਰਾਈਸ ਮਿੱਲ ਜਲੰਧਰ ਤੋਂ 1336 ਬੋਰੀਆਂ ਚੌਲ, ਗੋਲਡਨ ਰਾਈਸ ਮਿੱਲ, ਬਾਘਾਪੁਰਾਣਾ ਤੋਂ 1112 ਬੋਰੀਆਂ ਚੌਲ ਦਾ ਬਿੱਲ ਬਰਾਮਦ ਕੀਤਾ ਗਿਆ, ਜਦਕਿ ਮਿੱਲ ’ਚ ਚੌਲ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਸ਼੍ਰੀ ਲਛਮੀ ਰਾਈਸ ਮਿੱਲ, ਰਾਮਪੁਰਾ ਫੂਲ ਬਠਿੰਡਾ ਤੋਂ 6953 ਥੈਲੇ ਨੱਕੂ ਅਤੇ 6060 ਨਕਾਰੇ ਗਏ ਚੌਲਾਂ ਦੇ ਥੈਲੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਬਾਵਾ ਰਾਈਸ ਮਿੱਲ ਰਾਮਪੁਰਾ ਫੂਲ ਬਠਿੰਡਾ ਤੋਂ 3000 ਥੈਲੇ ਨੱਕੂ ਅਤੇ 700 ਨਕਾਰੇ ਗਏ ਚੌਲਾਂ ਦੇ ਥੈਲੇ ਬਰਾਮਦ ਕੀਤੇ ਗਏ। ਖੁਰਾਕ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਬੋਗਸ ਮਿਲਿੰਗ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਤੱਤਪਰ ਹੈ ਅਤੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਆਪਣੇ ਅਧੀਨ ਆਉਂਦੇ ਸਟੋਰਾਂ ਅਤੇ ਮਿੱਲਾਂ ਦੀ ਚੌਕਸੀ ਨਾਲ ਨਿਗਰਾਨੀ ਕਰਨ।
ਇਹ ਵੀ ਪੜ੍ਹੋ : CM ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਹੋਈ ਖ਼ਤਮ, ਨਤੀਜੇ ਦੀ ਉਡੀਕ