ਮੰਤਰੀ ਆਸ਼ੂ ਦੇ ਹੁਕਮਾਂ ’ਤੇ 47 ਗੈਸ ਏਜੰਸੀਆਂ ਦੀ ਹੋਈ ਜਾਂਚ

Sunday, Aug 05, 2018 - 02:51 AM (IST)

ਮੰਤਰੀ ਆਸ਼ੂ ਦੇ ਹੁਕਮਾਂ ’ਤੇ 47 ਗੈਸ ਏਜੰਸੀਆਂ ਦੀ ਹੋਈ ਜਾਂਚ

ਲੁਧਿਆਣਾ(ਖੁਰਾਨਾ)- ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਨਾਪ  ਤੋਲ ਵਿਭਾਗ ਦੀਆਂ 6 ਵੱਖ-ਵੱਖ ਟੀਮਾਂ ਨੇ ਅੱਜ ਜ਼ਿਲੇ ਭਰ ਦੀਆਂ 47 ਗੈਸ ਏਜੰਸੀਆਂ ਦੀ ਜਾਂਚ ਕਰਦਿਆਂ 43 ਏਜੰਸੀਆਂ ਦੇ ਚਲਾਨ ਕੀਤੇ। ਵਿਭਾਗ ਵਲੋਂ ਕੀਤੀ ਗਈ ਉਕਤ ਕਾਰਵਾਈ ਨਾਲ ਸਰਕਾਰ ਨੂੰ 3.25 ਲੱਖ ਦੇ ਕਰੀਬ ਰੈਵੇਨਿਊ ਮਿਲਣ ਦੀ ਸੰਭਾਵਨਾ ਬਣੀ ਹੈ। ਜਾਣਕਾਰੀ ਮੁਤਾਬਕ ਗੈਸ ਏਜੰਸੀਆਂ ਖਿਲਾਫ ਛੇਡ਼ੀ  ਨੂੰ ਨਾਪ ਤੋਲ ਵਿਭਾਗ ਦੀ ਖੰਨਾ, ਜਗਰਾਉਂ ਤੇ ਲੁਧਿਆਣਾ ਜ਼ਿਲੇ ਨਾਲ ਸਬੰਧਿਤ 4 ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਅੰਜਾਮ ਦਿੱਤਾ ਹੈ। ਟੀਮ ’ਚ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ, ਕੁਲਵੰਤ ਸਿੰਘ ਸਣੇ ਹੋਰ ਕਰਮਚਾਰੀ ਮੌਜੂਦ ਸਨ। ਇਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਵਿਚ ਪੈਂਦੀਆਂ 47 ਗੈਸ ਏਜੰਸੀਆਂ ’ਤੇ ਛਾਪੇਮਾਰੀ ਕਰਦਿਆਂ 43 ਏਜੰਸੀਆਂ ਦੇ ਸਪਲਾਈ ਕਰਮਚਾਰੀਆਂ ਨੂੰ ਘਰੇਲੂ ਗੈਸ ਸਿਲੰਡਰ ਦੀ ਡਲਿਵਰੀ ਕਰਨ ਦੌਰਾਨ ਨਿਯਮਾਂ ਦੀ ਅਣਦੇਖੀ ਕਰਦਿਆਂ ਪਾਇਆ ਹੈ। ਵਿਭਾਗ ਵਲੋਂ ਕੀਤੀ ਗਈ ਅੱਜ ਦੀ ਕਾਰਵਾਈ ਦੌਰਾਨ ਲੁਧਿਆਣਾ, ਸਿੱਧਵਾਂ ਬੇਟ, ਜਗਰਾਉਂ, ਪਾਇਲ, ਖੰਨਾ, ਦੋਰਾਹਾ ਆਦਿ ਦੀਆਂ ਗੈਸ ਏਜੰਸੀਆਂ ਦੇ  ਡਲਿਵਰੀ ਮੈਨ ਨਿਸ਼ਾਨੇ ’ਤੇ ਰਹੇ, ਜੋ ਕਿ ਨਿਯਮਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਖਪਤਕਾਰਾਂ ਦੇ ਘਰਾਂ ਵਿਚ ਜਿੱਥੇ ਕਰਮਚਾਰੀਆਂ ਵਲੋਂ ਨਿਰਧਾਰਿਤ ਮਾਤਰਾ 14.2 ਕਿਲੋਗ੍ਰਾਮ ਤੋਂ ਕਾਫੀ ਘੱਟ ਮਾਤਰਾ ਵਿਚ ਗੈਸ ਦੀ ਸਪਲਾਈ ਕਰ ਰਹੇ ਸਨ। ਉਥੇ ਜ਼ਿਆਦਾਤਰ ਸਪਲਾਈ ਕਰਮਚਾਰੀਆਂ ਕੋਲ ਗੈਸ ਸਿਲੰਡਰਾਂ ਦੀ ਡਲਿਵਰੀ ਸਮੇਂ ਭਾਰ ਤੋਲਣ ਵਾਲੀ  ਮਸ਼ੀਨ ਵੀ ਮੌਜੂਦ ਨਹੀਂ ਸੀ, ਜੋ ਕਿ ਨਿਯਮਾਂ ਦੀ ਅਣਦੇਖੀ ਹੈ। 
ਜਾਂਚ ਟੀਮ ਦੇ ਕਰਮਚਾਰੀਆਂ ਨੇ ਮੌਕੇ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਗੈਸ ਏਜੰਸੀਆਂ ਦੇ ਚਲਾਨ ਕੀਤੇ।
ਢਾਬਿਆਂ ਤੇ ਸਵੀਟਸ  ਸ਼ਾਪਸ ’ਤੇ ਕੀਤੀ ਅਚਾਨਕ ਜਾਂਚ
 ਇਸ ਦੌਰਾਨ ਜਾਂਚ ਟੀਮ ਦੇ ਕਰਮਚਾਰੀਆਂ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ ਨੇਡ਼ੇ ਪੈਂਦੀਆਂ ਦੁਕਾਨਾਂ ਤੇ ਨਗਰ ਦੇ ਪ੍ਰਮੁੱਖ ਢਾਬਿਆਂ ਸਣੇ ਸਵੀਟਸ ਸ਼ਾਪਸ ’ਤੇ ਵੀ ਅਚਾਨਕ ਨਿਰੀਖਣ ਕਰ ਕੇ ਤੋਲਣ ਵਾਲੇ ਕੰਡੇ ਤੇ ਲੋਹੇ ਦੇ ਵੱਟੇ ਚੈੱਕ ਕੀਤੇ। ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਟੀਮ ਵਿਚ ਸ਼ਾਮਲ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਏਜੰਸੀ ਮਾਲਕਾਂ ਤੇ ਹੋਰ ਦੁਕਾਨਦਾਰਾਂ ਨੂੰ ਸਾਲ ਵਿਚ ਇਕ ਵਾਰ ਤੋਲਣ ਵਾਲੇ ਕੰਡੇ ਤੇ 2 ਸਾਲ ਤਕ ਲੋਹੇ ਦੇ ਵੱਟਿਆਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਵਿਭਾਗ ਵਲੋਂ ਜਾਰੀ ਕੀਤਾ ਗਿਆ ਪ੍ਰਮਾਣ ਸਰਟੀਫਿਕੇਟ ਵੀ ਡਲਿਵਰੀ ਦੌਰਾਨ ਗੈਸ ਏਜੰਸੀਆਂ ਦੇ ਕਰਮਚਾਰੀਆਂ ਕੋਲ ਹੋਣ ਦੇ ਨਾਲ ਹੀ ਬਿਜਲੀ ਵਾਲਾ ਤੋਲ ਕੰਡਾ ਨਾਲ ਹੋਣਾ ਚਾਹੀਦਾ।  ਅੱਜ ਦੀ ਕਾਰਵਾਈ ਵਿਚ ਜ਼ਿਆਦਾਤਰ ਗੈਸ ਏਜੰਸੀਆਂ ਦੇ ਕਰਮਚਾਰੀਆਂ ਦੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਪਾਏ ਗਏ ਹਨ।


Related News