ਭਾਰਤ ਭੂਸ਼ਣ ਆਸ਼ੂ ਵੱਲੋਂ ਪੰਜਾਬ ਦੇ 7216 ਨਵੇਂ ਰਾਸ਼ਨ ਡਿਪੂਆਂ ਨੂੰ ਹਰੀ ਝੰਡੀ
Sunday, Jan 17, 2021 - 01:38 AM (IST)

ਲੁਧਿਆਣਾ, (ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਥਾਨਕ ਬੱਚਤ ਭਵਨ ਵਿਚ ਮਿਸ਼ਨ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਤਹਿਤ ਸੂਬੇ ਵਿਚ ਕੁੱਲ 7216 ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਦਿਖਾਈ ਗਈ।
ਉਕਤ ਯੋਜਨਾ ਦੇ ਪਹਿਲੇ ਪੜਾਅ ਵਿਚ ਮੰਤਰੀ ਆਸ਼ੂ ਨੇ ਲੁਧਿਆਣਾ ਜ਼ਿਲ੍ਹੇ ਤੋਂ ਆਗਾਜ਼ ਕਰਦੇ ਹੋਏ 15 ਲਾਭਪਾਤਰ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਸ਼ੁਭ ਆਰੰਭ ਕੀਤਾ। ਆਸ਼ੂ ਨੇ ਮੀਡੀਆ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿਚ ਸਰਕਾਰ ਵੱਲੋਂ ਕੁੱਲ 460 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ, ਜਿਨ੍ਹਾਂ ’ਚੋਂ ਪੇਂਡੂ ਇਲਾਕਿਆਂ ਵਿਚ 301 ਅਤੇ 159 ਸ਼ਹਿਰੀ ਇਲਾਕਿਆਂ ’ਚ ਸਥਾਪਿਤ ਹੋਣਗੇ। ਉਕਤ ਸਾਰੇ ਸਮਾਗਮ ਦੀ ਅਗਵਾਈ ਮੋਹਾਲੀ ਤੋਂ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ।
ਇਕ ਸਵਾਲ ਦੇ ਜਵਾਬ ਵਿਚ ਮੰਤਰੀ ਆਸ਼ੂ ਨੇ ਕਿਹਾ ਕਿ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡਧਾਰੀਆਂ ਦੇ ਆਰਥਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਣਕ ਦੇ ਨਾਲ ਹੀ ਹੋਰ ਖੁਰਾਕੀ ਵਸਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਵਾਸੀਆਂ ਨੂੰ ਰਾਸ਼ਨ ਡਿਪੂਆਂ ’ਤੇ ਦਾਲਾਂ, ਚਾਹਪੱਤੀ, ਚੀਨੀ ਅਤੇ ਘਿਓ ਆਦਿ ਵਰਗੀਆਂ ਸੇਵਾਵਾਂ ਮਿਲ ਸਕਣਗੀਆਂ।
ਮੰਤਰੀ ਆਸ਼ੂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਦੇ ਹੀ ਡਿਪੂ ਮਾਲਕਾਂ ਦੀ ਪਿਛਲੇ ਲੰਬੇ ਅਰਸੇ ਤੋਂ ਚਲੀ ਆ ਰਹੀ ਮੰਗ ਪੂਰੀ ਕਰਦੇ ਹੋਏ ਕਮਿਸ਼ਨ ਰਾਸ਼ੀ 25 ਰੁ. ਪ੍ਰਤੀ ਕੁਇੰਟਲ ਤੋਂ ਵਧਾ ਕੇ 50 ਰੁ. ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ।
ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੇ ਤਲਵਾੜ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਚੇਅਰਮੈਨ ਬੈਂਕ ਫਿੰਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ, ਨਗਰ ਸੁਧਾਰ ਟਰੱਸਟ ਚੇਅਰਮੈਨ ਰਮਨ ਬਾਲਾ ਸੁਬਰਾਮਨੀਯਮ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਸੋਨੀ ਗਾਲਿਬ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਏ. ਡੀ. ਸੀ. ਵਿਕਾਸ ਸੰਦੀਪ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਰਹੇ।