ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
Monday, Aug 29, 2022 - 09:10 AM (IST)
ਲੁਧਿਆਣਾ (ਰਾਜ) : ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਨ੍ਹੀਂ ਦਿਨੀਂ ਵਿਜੀਲੈਂਸ ਦੇ ਮਹਿਮਾਨ ਬਣੇ ਹੋਏ ਹਨ। ਪਿਛਲੇ 5 ਦਿਨਾਂ ਤੋਂ ਉਹ ਵਿਜੀਲੈਂਸ ਦਫ਼ਤਰ ’ਚ ਰਿਮਾਂਡ ’ਤੇ ਚੱਲ ਰਹੇ ਹਨ। ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਾ ਮਿਲਣ ’ਤੇ ਉਹ ਪਹਿਲਾਂ ਹੀ ਪਰੇਸ਼ਾਨ, ਉੱਪਰੋਂ ਮੱਛਰਾਂ ਨੇ ਸਾਬਕਾ ਮੰਤਰੀ ਨੂੰ ਵੱਖਰੇ ਤੌਰ ’ਤੇ ਪਰੇਸ਼ਾਨ ਕੀਤਾ ਹੋਇਆ ਸੀ। ਇਸ ਲਈ ਐਤਵਾਰ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਨਗਰ ਨਿਗਮ ਨੂੰ ਕਹਿ ਕੇ ਦਫ਼ਤਰ ਦੇ ਅੰਦਰ ਅਤੇ ਨੇੜੇ-ਤੇੜੇ ਦੀ ਜਗ੍ਹਾ ’ਤੇ ਫੌਗਿੰਗ ਕਰਵਾਈ ਤਾਂ ਕਿ ਮੱਛਰਾਂ ਤੋਂ ਰਾਹਤ ਮਿਲ ਸਕੇ ਪਰ ਇਸ ਫੌਗਿੰਗ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਕਾਂਗਰਸ ਦੇ ਮੁਲਜ਼ਮ ਸਾਬਕਾ ਮੰਤਰੀ ਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਹੈ।
ਪਹਿਲਾਂ ਵੀ ਦੋਸ਼ ਲੱਗ ਚੁੱਕੇ ਹਨ ਕਿ ਸਾਬਕਾ ਮੰਤਰੀ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਦਰਅਸਲ 4 ਦਿਨਾਂ ਤੋਂ ਮੱਛਰਾਂ ਤੋਂ ਪਰੇਸ਼ਾਨ ਸਾਬਕਾ ਮੰਤਰੀ ਪਿਛਲੇ ਕਮਰੇ ’ਚ ਬੈਠੇ ਸਨ। ਸ਼ਨੀਵਾਰ ਦੀ ਰਾਤ ਨੂੰ ਸਾਬਕਾ ਮੰਤਰੀ ਨੇ ਮੱਛਰਾਂ ਤੋਂ ਪਰੇਸ਼ਾਨ ਹੋਣ ਦੀ ਸ਼ਿਕਾਇਤ ਕੀਤੀ ਸੀ। ਉਹ ਠੀਕ ਤਰ੍ਹਾਂ ਸੌਂ ਨਹੀਂ ਸਕੇ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਹੀ ਉੱਥੇ ਫੌਗਿੰਗ ਕਰਵਾ ਦਿੱਤੀ ਗਈ।
ਭਾਵੇਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦਰ ਮੱਛਰ ਬਹੁਤ ਸਨ, ਇਸ ਲਈ ਫੌਗਿੰਗ ਕਰਵਾਈ ਹੈ ਤਾਂ ਕਿ ਕਿਸੇ ਨੂੰ ਕੋਈ ਬੀਮਾਰੀ ਨਾ ਲੱਗੇ। ਸੂਤਰ ਦੱਸਦੇ ਹਨ ਕਿ ਸਾਬਕਾ ਮੰਤਰੀ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਘਰ ਤੋਂ ਆਏ ਖਾਣੇ ਤੋਂ ਲੈ ਕੇ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜੋ ਪੁਲਸ ਹਿਰਾਸਤ ’ਚ ਨਹੀਂ ਦਿੱਤੀਆਂ ਜਾ ਸਕਦੀਆਂ। ਬਾਕੀ ਵਿਜੀਲੈਂਸ ਦੀ ਟੀਮ ਹਰ 12 ਘੰਟਿਆਂ ਬਾਅਦ ਸਾਬਕਾ ਮੰਤਰੀ ਦਾ ਮੈਡੀਕਲ ਚੈੱਕਅਪ ਕਰਵਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ