ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਦਫ਼ਤਰ ਆਉਣ ਦੀ ਲੋੜ ਨਹੀਂ : ਆਸ਼ੂ
Saturday, Jul 25, 2020 - 11:28 AM (IST)
            
            ਚੰਡੀਗੜ੍ਹ (ਰਮਨਜੀਤ) : ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਨੇ ਸਮੂਹ ਰਾਈਸ ਮਿੱਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨਾਲ ਸਬੰਧਿਤ ਕਿਸੇ ਵੀ ਕੰਮ ਲਈ ਕਿਸੇ ਜ਼ਿਲ੍ਹਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ। ਮਹਿਕਮੇ ਨੇ ਰਾਈਸ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ https://anaajkharid.in ਪੋਰਟਲ ’ਤੇ ਵਿਸਥਾਰਤ ਪ੍ਰਬੰਧ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮਹੀਕਮੇ ਨੇ https://anaajkharid.in ਪੋਰਟਲ ‘ਤੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿੱਲਰਾਂ ਨੂੰ ਨਵੀਂ ਰਾਈਸ ਮਿੱਲ ਦੀ ਆਨਲਾਈਨ ਰਜਿਸਟ੍ਰੇਸ਼ਨ, ਮੌਜੂਦਾ ਰਾਈਸ ਮਿੱਲ ਦੀ ਸਮਰੱਥਾ ਵਧਾਉਣ, ਰਾਈਸ ਮਿੱਲ ਦੀ ਭਾਈਵਾਲੀ/ਸੰਗਠਨ ਦੀ ਤਬਦੀਲੀ ਦੇ ਮਾਮਲੇ 'ਚ ਡੀ ਨੋਵੋ ਰਜਿਸਟ੍ਰੇਸ਼ਨ, ਲੀਜ਼ ਰਾਈਸ ਮਿੱਲਜ਼ ਦੀ ਰਜਿਸਟ੍ਰੇਸ਼ਨ, ਸੀ.ਐੱਮ.ਆਰ. ਸਿਕਿਓਰਿਟੀ ਜਮ੍ਹਾਂ ਕਰਵਾਉਣ, ਲੇਵੀ ਸਿਕਿਓਰਿਟੀ ਜਮ੍ਹਾਂ ਕਰਵਾਉਣ, ਰਿਲੀਜ਼ ਆਰਡਰ ਜਾਰੀ ਕਰਨ ਲਈ ਬਿਨੈ-ਪੱਤਰ ਅਤੇ ਨਾ-ਵਾਪਸੀ ਯੋਗ ਆਰ.ਓ. ਫ਼ੀਸ ਜਮ੍ਹਾਂ ਕਰਵਾਉਣ ਅਤੇ ਹੋਰ ਕੰਮ ਕਰਵਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲ੍ਹਾ ਦਫ਼ਤਰ ਆਉਣ ਦੀ ਲੋੜ ਨਹੀਂ।
ਆਸ਼ੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਮਿੱਲਾਂ ਪਹਿਲਾਂ ਹੀ ਮਹਿਕਮੇ ਕੋਲ ਰਜਿਸਟਰ ਹਨ, ਉਹ ਆਪਣੇ ਆਪ ਹੀ ਪੋਰਟਲ ’ਤੇ ਪ੍ਰਦਰਸ਼ਿਤ ਹੋਣਗੀਆਂ। ਉਨ੍ਹਾਂ ਨੂੰ ਸਬੰਧਤ ਡੀ. ਐੱਫ਼. ਐੱਸ. ਸੀ. ਐੱਸ. ਵਲੋਂ ਆਪਣੀ ਲਾਗ ਇਨ ਆਈ. ਡੀ. ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਜੀ. ਪੀ. ਐੱਸ. ਕੋਆਰਡੀਨੇਟ ਸਬੰਧਤ ਡੀ. ਐੱਫ਼. ਐੱਸ. ਸੀ.ਦਫਤਰ ਵੱਲੋਂ ਪੋਰਟਲ ’ਤੇ ਅਪਲੋਡ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮਹਿਕਮੇ ਵਲੋਂ ਪੋਰਟਲ ਸਬੰਧੀ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਅਤੇ ਮਿੱਲਰ ਈ-ਮੇਲ ਆਈਡੀ anaajkharidpb@gmail.com ਅਤੇ ਕਿਸੇ ਵੀ ਕੰਮਕਾਜੀ ਦਿਨ ਮੋਬਾਈਲ ਨੰਬਰ: 7743011156, 7743011157 ਜਾਂ 7743011154 ’ਤੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ।
