ਤੈਰਾਕੀ ਦੇ ਸ਼ੌਕੀਨਾਂ ਤੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੂਰੀ ਹੋਣ ਨੇੜੇ ਖੁਆਇਸ਼

07/25/2020 9:19:10 AM

ਲੁਧਿਆਣਾ (ਵਿੱਕੀ) : ਤੈਰਾਕੀ ਦੇ ਸ਼ੌਕੀਨ ਲੁਧਿਆਣਾ ਦੇ ਤੈਰਾਕਾਂ ਅਤੇ ਨੌਜਵਾਨਾਂ ਲਈ ਇਸ ਤੋਂ ਵੱਡੀ ਖਬਰ ਸ਼ਾਇਦ ਕੋਈ ਨਹੀਂ ਹੋ ਸਕਦੀ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਪੈਂਡਿੰਗ ਚਲੀ ਆ ਰਹੀ ਇੰਡੋਰ ਸਵੀਮਿੰਗ ਪੂਲ ਦੀ ਖੁਆਇਸ਼ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਨਾਲ ਜਲਦੀ ਪੂਰੀ ਹੋਣ ਜਾ ਰਹੀ ਹੈ। ਮੰਤਰੀ ਆਸ਼ੂ ਦੀ ਪਹਿਲ ਕਦਮੀ ਨਾਲ ਇੰਡੋਰ ਸਵੀਮਿੰਗ ਪੂਲ ਦੇ ਟੈਂਡਰ ਲੁਧਿਆਣਾ ਸਮਾਰਟ ਸਿਟੀ ਲਿਮ. ਤਹਿਤ ਜਾਰੀ ਕੀਤੇ ਗਏ ਅਤੇ ਜਲਦ ਹੀ ਇਸ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ।

PunjabKesari

ਇਹ ਹੀ ਨਹੀਂ ਲੁਧਿਆਣਵੀਆਂ ਨੂੰ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਲਈ ਮੰਤਰੀ ਆਸ਼ੂ ਨੇ ਆਪਣੇ ਵਿਧਾਨ ਸਭਾ ਹਲਕੇ ਵੈਸਟ 'ਚ ਜਿੱਥੇ ਕਈ ਪਾਰਕ ਵਿਕਸਿਤ ਕਰਵਾਏ ਹਨ। ਉੱਥੇ ਖਿਡਾਰੀਆਂ ਲਈ ਗੁਰੂ ਨਾਨਕ ਸਟੇਡੀਅਮ ਦਾ ਸਪੋਰਟਸ ਇੰਫ੍ਰਾਸਟਰੱਕਚਰ ਵੀ ਮਜ਼ਬੂਤ ਕਰਵਾਉਣ ਦੀ ਕਮਾਨ ਆਪਣੇ ਹੱਥਾਂ ’ਚ ਲਈ ਹੈ। ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ-ਡੀ ਦਫਤਰ 'ਚ ਲੁਧਿਆਣਾ ਸਮਾਰਟ ਸਿਟੀ ਲਿਮ. ਦੇ ਅਧੀਨ ਆਯੋਜਿਤ ਪ੍ਰਾਜੈਕਟਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਆਸ਼ੂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।

ਮੀਟਿੰਗ 'ਚ ਹੋਰਾਂ ਤੋਂ ਇਲਾਵਾ ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਸੀ. ਈ. ਓ. ਲੁਧਿਆਣਾ ਸਮਾਰਟ ਸਿਟੀ ਲਿਮ. ਸੰਯਮ ਅਗਰਵਾਲ ਦੀ ਮੌਜੂਦ ਸਨ। ਮੰਤਰੀ ਆਸ਼ੂ ਨੇ ਦੱਸਿਆ ਕਿ ਇੰਡੋਰ ਸਵੀਮਿੰਗ ਪੂਲ ਲੁਧਿਆਣਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਅਤੇ ਇਸ ਨੂੰ ਰੱਖ ਬਾਗ ਸਪੋਰਟਸ ਕੰਪਲੈਕਸ ’ਚ 5.79 ਕਰੋੜ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਡੀ. ਪੀ. ਆਰ. ਮਨਜ਼ੂਰ ਹੋ ਗਿਆ ਹੈ ਅਤੇ ਇਸ ਪ੍ਰਾਜੈਕਟ ਲਈ ਟੈਂਡਰ ਵੀ ਜਾਰੀ ਹੋ ਚੁੱਕੇ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਦੇ ਤੈਰਾਕੀ ਪ੍ਰੇਮੀ ਪੂਰੇ ਸਾਲ ਭਰ ਤੈਰਾਕੀ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਦੱਸ ਦੇਈਏ ਕਿ ਲੁਧਿਆਣਾ ’ਚ ਕੋਈ ਵੀ ਸਰਕਾਰੀ ਇੰਡੋਰ ਸਵੀਮਿੰਗ ਪੂਲ ਨਾ ਹੋਣ ਦੀ ਵਜ੍ਹਾ ਨਾਲ ਤੈਰਾਕਾਂ ਨੂੰ ਕਿਸੇ ਵੀ ਮੁਕਾਬਲੇ ਦੀ ਤਿਆਰੀ ਲਈ ਸੰਗਰੂਰ ਵੱਲ ਰੁਖ ਕਰਨਾ ਪੈਂਦਾ ਸੀ। ਇਹ ਹੀ ਨਹੀਂ ਲੁਧਿਆਣਾ 'ਚ ਇਸ ਤਰ੍ਹਾਂ ਕਈ ਤਕਨੀਕੀ ਕਾਰਨਾਂ ਕਾਰਨ ਤੈਰਾਕੀ ਦੇ ਕਈ ਮੁਕਾਬਲੇ ਵੀ ਨਹੀਂ ਹੋ ਪਾਉਂਦੇ ਸਨ ਪਰ ਹੁਣ ਲੁਧਿਆਣਾ ’ਚ ਇੰਡੋਰ ਸਵੀਮਿੰਗ ਪੂਲ ਬਣਨ ਨਾਲ ਕਈ ਇੰਟਰਨੈਸ਼ਨਲ ਪੱਧਰ ਦੇ ਮੁਕਾਬਲੇ ਵੀ ਹੋ ਸਕਣਗੇ।

ਮੰਤਰੀ ਆਸ਼ੂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਨ੍ਹਾਂ ’ਚ ਗੁਰੂ ਨਾਨਕ ਸਟੇਡੀਅਮ 'ਚ ਇੱਕ ਨਵਾਂ ਅਥਲੈਟਿਕਸ ਸਿੰਥੇਟਿਕ ਟਰੈਕ, ਬਾਸਕਿਟਬਾਲ ਕੋਰਟ ਅਤੇ ਸਾਸ਼ਤਰੀ ਹਾਲ 'ਚ ਬੈਡਮਿੰਟਨ ਕੋਰਟ ਦਾ ਵਿਕਾਸ, ਟੇਬਲ ਟੈਨਿਸ ਸਟੇਡੀਅਮ ਵੀ ਸ਼ਾਮਲ ਹੈ। ਜੈਨਪੁਰ ਪਿੰਡ 'ਚ 30 ਏਕੜ ਦੇ ਡੰਪ ਸਾਈਟ ’ਤੇ 52.74 ਕਰੋੜ ਦੀ ਲਾਗਤ ਨਾਲ ਇਕ ਸਪੋਰਟਸ ਪਾਰਕ ਬਣਾਇਆ ਜਾ ਰਿਹਾ ਹੈ। ਇਸ ਸਪੋਰਟਸ ਪਾਰਕ 'ਚ ਕ੍ਰਿਕਟ, ਫੁਟਬਾਲ, ਹਾਕੀ, ਲਾਅਨ ਟੈਨਿਸ ਆਦਿ ਲਈ ਖੇਡ ਮੈਦਾਨ ਹੋਣਗੇ।
ਹਰ ਹਫ਼ਤੇ ਹੋਵੇਗੀ ਪ੍ਰਾਜੈਕਟਾਂ ਦੀ ਨਿਗਰਾਨੀ
ਆਸ਼ੂ ਨੇ ਸਟਾਫ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਹਫ਼ਤਾਵਰ ਆਧਾਰ ’ਤੇ ਲੁਧਿਆਣਾ ਸਮਾਰਟ ਸਿਟੀ ਦੇ ਅਧੀਨ ਆਉਂਦੇ ਸਾਰੇ ਪ੍ਰਾਜੈਕਟਾਂ ਦੀ ਪ੍ਰਗਤੀ ਅਤੇ ਨਿਗਰਾਨੀ ਕਰਨਗੇ ਅਤੇ ਜੇਕਰ ਉਨ੍ਹਾਂ ਵੱਲੋਂ ਕੋਈ ਕਮੀ ਪਾਈ ਗਈ ਤਾਂ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪ੍ਰਾਜੈਕਟ ਪਹਿਲ ਦੇ ਆਧਾਰ 'ਤੇ ਸਮਾਂ ਹੱਦ ਅੰਦਰ ਪੂਰੇ ਕੀਤੇ ਜਾਣਗੇ।


 


Babita

Content Editor

Related News