ਪੰਜਾਬ ਸਣੇ ਗੁਆਂਢੀ ਸੂਬਿਆਂ ’ਚ ਬੱਸਾਂ ਦੀ ਆਵਾਜਾਈ ਠੱਪ ਰਹਿਣ ਨਾਲ ਟਰਾਂਸਪੋਰਟ ਮਹਿਕਮੇ ਨੂੰ 2 ਕਰੋੜ ਦਾ ਨੁਕਸਾਨ

03/27/2021 10:38:32 AM

ਜਲੰਧਰ (ਪੁਨੀਤ)–‘ਭਾਰਤ ਬੰਦ’ ਕਾਰਨ ਬੱਸਾਂ ਦੀ ਆਵਾਜਾਈ ਠੱਪ ਰਹਿਣ ਕਰ ਕੇ ਟਰਾਂਸਪੋਰਟ ਮਹਿਕਮੇ ਨੂੰ 2 ਕਰੋੜ ਦੀ ਕੁਲੈਕਸ਼ਨ ਦਾ ਨੁਕਸਾਨ ਹੋਇਆ। ਸ਼ਾਮੀਂ 6 ਵਜੇ ਰਸਤੇ ਖੁੱਲ੍ਹਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਜ਼ਿਆਦਾ ਰਹਿਣ ਦੀ ਉਮੀਦ ਸੀ ਪਰ ਇਸ ਦੇ ਉਲਟ ਬੱਸਾਂ ਚੱਲਣ ਤੋਂ ਬਾਅਦ ਵੀ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਇਸਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਬਾਹਰ ਜਾਣ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਤੋਂ ਬੱਸਾਂ ਦੀ ਆਵਾਜਾਈ ਆਮ ਵਾਂਗ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਬੰਦ ਕਾਰਨ ਪੰਜਾਬ ਦੇ ਸਾਰੇ 18 ਡਿਪੂਆਂ ਤੋਂ ਬੱਸਾਂ ਰਵਾਨਾ ਨਹੀਂ ਹੋ ਸਕੀਆਂ। ਵੱਡੇ ਅਤੇ ਛੋਟੇ ਸਟੇਸ਼ਨਾਂ ਨੂੰ ਮਿਲਾ ਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਜ਼ਰੀਏ ਰੋਜ਼ਾਨਾ ਅਨੁਮਾਨਿਤ 2 ਕਰੋੜ ਰੁਪਏ ਦੀ ਕੁਲੈਕਸ਼ਨ ਹੁੰਦੀ ਹੈ, ਜਿਹੜੀ ਸ਼ੁੱਕਰਵਾਰ ਨਹੀਂ ਹੋ ਸਕੀ ਅਤੇ ਮਹਿਕਮੇ ਨੂੰ ਨੁਕਸਾਨ ਸਹਿਣਾ ਪਿਆ। ਬੰਦ ਬਾਰੇ ਲੋਕਾਂ ਨੂੰ ਜਾਣਕਾਰੀ ਸੀ ਪਰ ਬੱਸਾਂ ਚੱਲਣ ਦੀ ਉਮੀਦ ਕਾਰਨ ਕਈ ਯਾਤਰੀ ਬੱਸ ਅੱਡੇ ਵਿਚ ਆਉਂਦੇ ਦੇਖੇ ਗਏ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ। ਕੁਝ ਲੋਕ ਸ਼ਾਮ 6 ਵਜੇ ਦਾ ਇੰਤਜ਼ਾਰ ਕਰਦੇ ਰਹੇ ਪਰ ਬੱਸ ਅੱਡੇ ਵਿਚ ਹੀ ਬੈਠੇ ਰਹੇ। ਬੰਦ ਕਾਰਨ ਪੰਜਾਬ ਸਣੇ ਗੁਆਂਢੀ ਸੂਬਿਆਂ ਲਈ ਵੀ ਬੱਸਾਂ ਨੂੰ ਰਵਾਨਾ ਨਹੀਂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਵਧਾਨੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਬੱਸਾਂ ਨੂੰ ਬੰਦ ਕਰਨਾ ਹੀ ਉਚਿਤ ਬਦਲ ਸੀ। ਜੇਕਰ ਬੱਸਾਂ ਰਵਾਨਾ ਕੀਤੀਆਂ ਜਾਂਦੀਆਂ ਤਾਂ ਰਸਤੇ ਵਿਚ ਉਨ੍ਹਾਂ ਨੂੰ ਦਿੱਕਤ ਆ ਸਕਦੀ ਸੀ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਬੱਸਾਂ ਚਲਾਉਣ ਦਾ ਰਿਸਕ ਨਹੀਂ ਉਠਾਇਆ ਗਿਆ, ਹਾਲਾਂਕਿ ਸ਼ਾਮ ਨੂੰ 6 ਵਜੇ ਦੇ ਲਗਭਗ ਸੜਕਾਂ ’ਤੇ ਸਰਕਾਰੀ ਦੇ ਮੁਕਾਬਲੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਜ਼ਿਆਦਾ ਰਹੀ। ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਬੰਦ ਦੌਰਾਨ ਪ੍ਰਾਈਵੇਟ ਬੱਸਾਂ ਇੱਕਾ-ਦੁੱਕਾ ਚੱਲਦੀਆਂ ਦੇਖੀਆਂ ਜਾਂਦੀਆਂ ਹਨ ਪਰ ਅਜਿਹਾ ਨਹੀਂ ਹੋਇਆ। ਜਿਹੜੇ ਲੋਕ ਪ੍ਰਾਈਵੇਟ ਬੱਸਾਂ ਚੱਲਣ ਦੀ ਉਮੀਦ ਨਾਲ ਆਏ ਸਨ , ਉਹ ਵੀ ਨਿਰਾਸ਼ ਰਹੇ।

ਸ਼ਾਮੀਂ ਹਰਿਆਣਾ ਦੀਆਂ ਬੱਸਾਂ ਵੱਡੀ ਗਿਣਤੀ ’ਚ ਪਹੁੰਚੀਆਂ ਪੰਜਾਬ
ਰਾਤ ਸਮੇਂ ਚੱਲੀਆਂ ਬੱਸਾਂ ਵਿਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ ਜ਼ਿਆਦਾ ਰਹੀ। ਜਿਹੜੀਆਂ ਬੱਸਾਂ ਸ਼ਾਮੀਂ ਹਰਿਆਣਾ ਤੋਂ ਰਵਾਨਾ ਹੁੰਦੀਆਂ ਹਨ, ਉਹ ਰੁਟੀਨ ਵਾਂਗ ਪੰਜਾਬ ਲਈ ਰਵਾਨਾ ਕੀਤੀਆਂ ਗਈਆਂ। ਇਸ ਕਾਰਨ ਸ਼ਾਮੀਂ ਵੱਡੀ ਗਿਣਤੀ ਵਿਚ ਹਰਿਆਣਾ ਦੀਆਂ ਬੱਸਾਂ ਪੰਜਾਬ ਵਿਚ ਪਹੁੰਚੀਆਂ ਦੇਖੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਹਿਮਾਚਲ, ਹਰਿਆਣਾ ਅਤੇ ਦਿੱਲੀ ਸਮੇਤ ਸਾਰੇ ਸੂਬਿਆਂ ਵਿਚ ਬੱਸਾਂ ਭੇਜੀਆਂ ਜਾਣਗੀਆਂ। ਵਧੇਰੇ ਦੇਖਣ ਵਿਚ ਆਉਂਦਾ ਹੈ ਕਿ ਬੰਦ ਦੇ ਅਗਲੇ ਦਿਨ ਦਿੱਲੀ ਲਈ ਯਾਤਰੀਆਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ। ਇਸ ਕਾਰਨ ਕੱਲ ਦਿੱਲੀ ਲਈ ਜ਼ਿਆਦਾ ਯਾਤਰੀ ਆਉਣ ਦੀ ਸੰਭਾਵਨਾ ਕਾਰਨ ਵਧੇਰੇ ਬੱਸਾਂ ਰਵਾਨਾ ਕੀਤੀਆਂ ਜਾ ਸਕਦੀਆਂ ਹਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News