ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ

Monday, Feb 12, 2024 - 06:15 PM (IST)

ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ

ਮੋਹਾਲੀ/ਮਾਲੇਰਕੋਟਲਾ (ਵੈੱਬ ਡੈਸਕ, ਸੁਸ਼ੀਲ, ਸ਼ਹਾਬੂਦੀਨ, ਜ਼ਹੂਰ)- ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਬਲੌਗਰ ਭਾਨਾ ਸਿੱਧੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੋਹਾਲੀ ਅਦਾਲਤ ਨੇ ਭਾਨਾ ਸਿੱਧੂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਭਾਨਾ ਸਿੱਧੂ ਨੂੰ 50 ਹਜ਼ਾਰ ਰੁਪਏ ਮੁਚਲਕਾ ਭਰਨ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ।

ਭਾਨਾ ਸਿੱਧੂ ਉਰਫ਼ ਕਾਕਾ ਸਿੱਧੂ ਖ਼ਿਲਾਫ਼ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਪੁਲਸ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਭਾਨਾ ਸਿੱਧੂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵੱਖ-ਵੱਖ ਮਾਮਲਿਆਂ ਅਧੀਨ ਸਬ ਜੇਲ੍ਹ ਮਲੇਰਕੋਟਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਭਾਨਾ ਸਿੱਧੂ ਜੇਲ੍ਹ ਵਿਚ ਬੰਦ ਸੀ, ਜਿਸ ਦੀ ਅੱਜ ਹਿਰਾਈ ਹੋ ਗਈ ਹੈ। 

ਜ਼ਮਾਨਤ ਲਈ ਬਾਂਡ ਪਰਿਵਾਰਕ ਮੈਂਬਰਾਂ ਵਲੋਂ ਭਰਿਆ ਗਿਆ। ਕਿੰਦਰਬੀਰ ਸਿੰਘ ਬਿਦੇਸ਼ਾ ਨਿਵਾਸੀ ਸੰਗਰੂਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਫੇਜ਼-5 ਵਿਚ ਹਾਈਰਾਈਜ਼ ਇੰਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਹੈ। ਉਸ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਮੋਹਾਲੀ ਫੇਜ਼-1 ਥਾਣਾ ਪੁਲਸ ਨੇ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਭਾਨਾ ਸਿੱਧੂ ’ਤੇ ਲੁਧਿਆਣਾ ਅਤੇ ਪਟਿਆਲਾ ਵਿਚ ਵੀ ਕੇਸ ਦਰਜ ਹਨ।
 

ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ

ਉੱਥੇ ਹੀ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਦੁਪਹਿਰ ਨੂੰ ਭਾਨਾ ਸਿੱਧੂ ਨੂੰ ਸਬ ਜੇਲ੍ਹ ਮਾਲੇਰਕੋਟਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਭਾਨਾ ਸਿੱਧੂ ਨੇ ਆਪਣੀ ਰਿਹਾਈ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਦਿੱਲੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਭਾਨਾ ਸਿੱਧੂ ਨੇ ਕਿਹਾ ਕਿ ਉਸ ਦੇ ਦਾਦਾ ਨੇ ਵੀ 60 ਸਾਲ ਕਿਸਾਨ ਅੰਦੋਲਨਾਂ ’ਚ ਸਰਗਰਮ ਭੂਮਿਕਾ ਨਿਭਾਈ ਹੈ। ਉਸ ਨੇ ਕਿਹਾ ਕਿ ਉਹ ਕਿਸਾਨੀ ਅਤੇ ਪੰਜਾਬ ਲਈ ਮਰ ਮਿਟਣ ਨੂੰ ਵੀ ਤਿਆਰ ਹੈ। ਇਸ ਮੌਕੇ ਭਾਨਾ ਸਿੱਧੂ ਦਾ ਭਰਾ ਅਮਨ ਸਿੱਧੂ ਅਤੇ ਭਾਨਾ ਸਿੱਧੂ ਦੇ ਕੁਝ ਹਮਾਇਤੀ ਵੀ ਹਾਜ਼ਰ ਸਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਬਲੌਗਰ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਉਤਰ ਆਈਆਂ ਸਨ। ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਰਜਨਾਂ ਕਿਸਾਨ ਆਗੂਆਂ ਨੂੰ ਪੁਲਸ ਨੇ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਭਾਨਾ ਸਿੱਧੂ ਨੂੰ ਛੇ ਦਿਨਾਂ 'ਚ ਰਿਹਾਅ ਕਰ ਦਿੱਤੇ ਜਾਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਖ਼ਤਮ ਕੀਤਾ ਸੀ।

ਭਾਨਾ ਸਿੱਧੂ ਦੇ ਸਮਰਥਨ 'ਚ ਕਿਸਾਨ ਆਗੂਆਂ ਨੇ ਕੀਤਾ ਸੀ ਪ੍ਰਦਰਸ਼ਨ
ਬਠਿੰਡਾ, ਫਾਜ਼ਿਲਕਾ, ਪਟਿਆਲਾ, ਨਵਾਂਸ਼ਹਿਰ, ਮੁਕਤਸਰ, ਗੁਰਦਾਸਪੁਰ, ਰੂਪਨਗਰ ਅਤੇ ਹੋਰ ਕਈ ਜ਼ਿਲ੍ਹਿਆਂ 'ਚ ਦਰਜਨਾਂ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਸੰਗਰੂਰ ਪੁੱਜਣ ਵਿੱਚ ਕਾਮਯਾਬ ਹੋ ਗਏ। ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਕਿਲੋਮੀਟਰ ਦੂਰ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਕਿਸਾਨਾਂ ਨੇ ਸਾਢੇ ਸੱਤ ਘੰਟੇ ਪ੍ਰਦਰਸ਼ਨ ਕੀਤਾ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News