ਟੁੱਟ ਸਕਦੀ ਹੈ ਭਾਖੜਾ ਨਹਿਰ, ਦਹਿਸ਼ਤ ''ਚ ਲੋਕ (ਵੀਡੀਓ)
Sunday, Sep 17, 2017 - 07:39 PM (IST)
ਨੰਗਲ (ਰਾਕੇਸ਼ ਰਾਣਾ) : 5 ਦਹਾਕੇ ਪਹਿਲਾਂ ਬਣੀ ਭਾਖੜਾ ਨਹਿਰ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਨਹਿਰ ਦੀਆਂ ਸਲੈਪਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਵਿਚੋਂ ਲਗਾਤਾਰ ਪਾਣੀ ਲੀਕ ਹੋ ਰਿਹਾ ਹੈ। ਲਗਭਗ 5 ਸਾਲਾਂ ਤੋਂ ਹੋ ਰਹੀ ਇਹ ਲੀਕੇਜ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਨੇੜਲੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਇਸ ਲੀਕੇਜ ਨੂੰ ਜਲਦੀ ਹੀ ਬੰਦ ਨਾ ਕੀਤਾ ਗਿਆ ਤਾਂ ਨਹਿਰ ਟੁੱਟਣ ਦਾ ਵੀ ਖਤਰਾ ਹੈ।
ਉਧਰ ਦੂਜੇ ਪਾਸੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦਾ ਕਹਿਣਾ ਹੈ ਕਿ ਨਹਿਰ ਲੀਕ ਨਹੀਂ ਹੋ ਰਹੀ। ਕੁਝ ਜੋੜਾਂ ਤੋਂ ਪਾਣੀ ਨਿਕਲ ਰਿਹਾ ਹੈ। ਬਾਕੀ ਨਵੀਂ ਤਕਨੀਕ ਨਾਲ ਇਸਦੀ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਨਹਿਰ ਨੂੰ ਬੰਦ ਕਰਕੇ ਰੀਪੇਅਰ ਕਰਨਾ ਆਸਾਨ ਨਹੀਂ ਹੈ।
ਰੱਬ ਨਾ ਕਰੇ ਜੇਕਰ ਇਹ ਨਹਿਰ ਟੁੱਟਦੀ ਹੈ ਤਾਂ ਇਸ ਤੋਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਕਿਸੇ ਅਣਹੋਣੀ ਤੋਂ ਪਹਿਲਾਂ ਹੀ ਇਸ ਵੱਲ ਧਿਆਨ ਦਿੱਤਾ ਜਾਵੇ।