ਭਾਖੜਾ ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਦੱਸਿਆ ਕਤਲ

Monday, Mar 09, 2020 - 12:09 PM (IST)

ਭਾਖੜਾ ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਦੱਸਿਆ ਕਤਲ

ਪਟਿਆਲਾ (ਬਲਜਿੰਦਰ, ਜੋਸਨ): ਬੀਤੀ 27 ਫਰਵਰੀ ਤੋਂ ਲਾਪਤਾ ਸ਼ਹਿਰ ਦੇ ਦੀਪ ਨਗਰ ਇਲਾਕੇ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲ ਗਈ ਹੈ। ਪਰਿਵਾਰ ਵਾਲਿਆਂ ਨੇ ਮਨਪ੍ਰੀਤ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਅੱਜ ਲਾਸ਼ ਬੱਸ ਅੱਡੇ ਵਿਖੇ ਬੱਤੀਆਂ ਵਾਲੇ ਚੌਕ 'ਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਨਾਲ ਦੋਵਾਂ ਪਾਸੇ ਜਾਮ ਲੱਗ ਗਿਆ।

ਮਨਪ੍ਰੀਤ ਦੇ ਪਰਿਵਾਰ ਵਾਲਿਆਂ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪੁਲਸ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਬੀ. ਟੈੱਕ. ਦਾ ਵਿਦਿਆਰਥੀ ਸੀ। 27 ਫਰਵਰੀ ਨੂੰ ਘਰੋਂ ਗਿਆ ਅਤੇ ਤ੍ਰਿਪੜੀ ਜਾ ਕੇ ਉਸ ਨੇ ਆਪਣੇ ਦੋਸਤ ਨਾਲ ਮੋਟਰਸਾਈਕਲ ਬਦਲਾਇਆ। ਸ਼ਾਮ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਨੇ ਇਕ ਲੜਕੀ ਨਾਲ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਇਹ ਸੂਚਨਾ ਘਨੌਰ ਪੁਲਸ ਨੇ ਉਨ੍ਹਾਂ ਨੂੰ ਦਿੱਤੀ। ਜਦੋਂ ਜਾ ਕੇ ਦੇਖਿਆ ਤਾਂ ਲੜਕੀ ਆਪਣੇ ਮਾਪਿਆਂ ਸਮੇਤ ਥਾਣੇ ਵਿਚ ਸੀ। ਹੁਣ ਮਨਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ।

ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਕਤਲ ਕਰ ਕੇ ਉਸ ਨੂੰ ਭਾਖੜਾ ਨਹਿਰ ਵਿਚ ਸੁੱਟਿਆ ਗਿਆ ਹੈ। ਹੁਣ ਪੁਲਸ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਉਨ੍ਹਾਂ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਪਰਿਵਾਰ ਵੱਲੋਂ ਦੇਰ ਸ਼ਾਮ ਤੱਕ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਾਮ ਨੂੰ ਪੁਲਸ ਨੇ ਆਵਾਜਾਈ ਖੁਲ੍ਹਵਾ ਦਿੱਤੀ। ਪਰਿਵਾਰ ਵਾਲਿਆਂ ਵੱਲੋਂ ਧਰਨਾ ਜਾਰੀ ਸੀ।

ਇਹ ਵੀ ਪੜ੍ਹੋ: ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ


author

Shyna

Content Editor

Related News