ਭਾਕਿਯੂ (ਰਾਜੇਵਾਲ) ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ
Tuesday, Oct 24, 2017 - 04:34 AM (IST)
ਨਾਭਾ, (ਜੈਨ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਜਨਰਲ ਸਕੱਤਰ ਘੁੰਮਣ ਸਿੰਘ ਰਾਜਗੜ੍ਹ, ਓਂਕਾਰ ਸਿੰਘ ਅਗੌਲ, ਨੇਕ ਸਿੰਘ ਖੋਖ ਤੇ ਅਵਤਾਰ ਸਿੰਘ ਕੈਦੂਪੁਰ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਅੱਜ ਇਥੇ ਸ਼ਾਂਤੀ ਇਨਕਲੇਵ ਸਥਿਤ ਕੈਬਨਿਟ ਮੰਤਰੀ (ਜੰਗਲਾਤ) ਸਾਧੂ ਸਿੰਘ ਧਰਮਸੌਤ ਦੀ ਕੋਠੀ ਦਾ ਘਿਰਾਓ ਕਰ ਕੇ ਧਰਨਾ ਦਿੱਤਾ। ਪ੍ਰਸ਼ਾਸਨ ਨੇ ਕੋਠੀ ਨੇੜੇ ਸਾਰੇ ਰਸਤਿਆਂ 'ਤੇ ਧਰਨੇ ਤੋਂ ਕਈ ਘੰਟੇ ਪਹਿਲਾਂ ਹੀ ਬੈਰੀਕੇਡ ਲਾ ਕੇ ਭਾਰੀ ਪੁਲਸ ਫੋਰਸ ਤੇ ਮਹਿਲਾ ਕਮਾਂਡੋ ਤਾਇਨਾਤ ਕਰ ਦਿੱਤੇ ਸਨ। ਰਾਧਾ ਸੁਆਮੀ ਸਤਿਸੰਗ ਰੋਡ 'ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਯੂਨੀਅਨ ਆਗੂ ਗੁਰਦੇਵ ਸਿੰਘ, ਰਘਬੀਰ ਸਿੰਘ, ਹਰੀ ਸਿੰਘ, ਜ਼ੋਰਾ ਸਿੰਘ, ਅੱਛਰਾ ਸਿੰਘ ਤੇ ਦੀਦਾਰ ਸਿੰਘ ਵੀ ਹਾਜ਼ਰ ਸਨ। ਘੁੰਮਣ ਸਿੰਘ ਰਾਜਗੜ੍ਹ ਨੇ ਦੋਸ਼ ਲਾਇਆ ਕਿ ਪੁਲਸ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਵਿਭਾਗ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਪਰ ਅਸੀਂ ਇਕਜੁਟ ਹਾਂ। ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਸਾਨਾਂ ਤੋਂ ਮੰਗ-ਪੱਤਰ ਲੈ ਕੇ ਯਕੀਨ ਦਿਵਾਇਆ ਕਿ ਕਿਸੇ ਵੀ ਕਿਸਾਨ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ। ਯੂਨੀਅਨ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਪਿੰਡਾਂ ਵਿਚ ਕੋਈ ਅਧਿਕਾਰੀ ਗਿਆ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾਏ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ।
ਮਜ਼ੇ ਦੀ ਗੱਲ ਹੈ ਕਿ ਪੁਲਸ ਫੋਰਸ ਵੱਲੋਂ ਕਿਸਾਨਾਂ ਨੂੰ ਕੋਠੀ ਤੋਂ ਬਹੁਤ ਦੂਰ ਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸੇ ਵੀ ਕਿਸਾਨ ਖਿਲਾਫ ਕਾਰਵਾਈ ਨਹੀਂ ਕੀਤੀ ਜਾਵੇਗੀ।
