ਧਾਰਮਿਕ ਸਟੇਜਾਂ ਤੋਂ ਬਾਅਦ ''ਪ੍ਰਮੇਸ਼ਵਰ ਦੁਆਰ'' ਵੀ ਛੱਡਣਗੇ ''ਢੱਡਰੀਆਂ ਵਾਲੇ''!

Saturday, Feb 29, 2020 - 06:54 PM (IST)

ਚੰਡੀਗੜ੍ਹ (ਟੱਕਰ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਜੀ ਵਲੋਂ ਨਕਲੀ ਨਿਰੰਕਾਰੀ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ  ਵਾਲਿਆਂ ਨੇ ਕਿਹਾ ਕਿ ਜੱਥੇਦਾਰ ਜੀ ਬਿਆਨ ਦੇਣ ਤੋਂ ਪਹਿਲਾਂ ਕੁੱਝ ਤਾਂ ਸੋਚ ਲੈਂਦੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੱਥੇਦਾਰ ਉਨ੍ਹਾਂ 'ਤੇ ਨਕਲੀ ਨਿਰੰਕਾਰੀ ਹੋਣਾ ਸਾਬਿਤ ਕਰ ਦੇਣ ਤਾਂ ਉਹ ਧਾਰਮਿਕ ਸਟੇਜਾਂ ਤੋਂ ਬਾਅਦ ਆਪਣਾ ਧਾਰਮਿਕ ਅਸਥਾਨ 'ਪ੍ਰਮੇਸ਼ਵਰ ਦੁਆਰ' ਵੀ ਛੱਡ ਦੇਣਗੇ।
ਭਾਈ ਰਣਜੀਤ ਸਿੰਘ ਨੇ ਜਾਰੀ ਵੀਡਿਓ ਦੌਰਾਨ ਕਿਹਾ ਕਿ ਜੱਥੇਦਾਰ ਜੀ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱਖ ਲੱਗਿਆ, ਉਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁੱਝ ਜੱਥੇਬੰਦੀਆਂ ਵਲੋਂ ਉਨ੍ਹਾਂ 'ਤੇ ਜੋ ਦੋਸ਼ ਲਾਏ ਗਏ ਹਨ, ਉਹ ਸਾਬਿਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਵੀ ਜੱਥੇਦਾਰ ਜੀ ਨੇ ਇਹ ਬਿਆਨ ਜਾਰੀ ਕਰ ਦਿੱਤਾ, ਇਸ ਲਈ ਉਹ ਸਾਬਿਤ ਕਰਕੇ ਦਿਖਾਉਣ ਕਿ ਉਹ ਨਕਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵੱਧ ਰਹੇ ਹਨ ਤਾਂ ਉਹ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਣਗੇ।

ਉਨ੍ਹਾਂ ਕਿਹਾ ਕਿ ਓਂਨਾ ਦੁੱਖ ਉਨ੍ਹਾਂ ਨੂੰ ਧਾਰਮਿਕ ਸਟੇਜਾਂ ਛੱਡਣ ਦਾ ਨਹੀਂ ਹੋਇਆ, ਜਿੰਨਾ ਜੱਥੇਦਾਰ ਜੀ ਦੇ ਇਸ ਬਿਆਨ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਪੜ੍ਹੇ-ਲਿਖੇ ਤੇ ਉਚ ਅਹੁਦੇ 'ਤੇ ਬਿਰਾਜਮਾਨ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਅਜਿਹਾ ਬਿਆਨ ਜਾਰੀ ਕਰਨਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨਕਲੀ ਨਿਰੰਕਾਰੀ ਉਹ ਨਹੀਂ, ਸਗੋਂ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਿੱਖ ਕੌਮ ਦੇ ਸਿਰ 'ਤੇ ਬਿਠਾਉਣਾ ਚਾਹੁੰਦੇ ਹਨ ਨਾ ਕਿ ਉਹ ਨਕਲੀ ਨਿਰੰਕਾਰੀ ਬਣ ਲੋਕਾਂ ਦੇ ਸਿਰ 'ਤੇ ਬੈਠਣਾ ਚਾਹੁੰਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਚੈਨਲਾਂ 'ਤੇ ਜਾ ਕੇ ਜੱਥੇਦਾਰ ਹਰਪ੍ਰੀਤ ਸਿੰਘ ਉਨ੍ਹਾਂ ਖਿਲਾਫ਼ ਬੋਲ ਸਕਦੇ ਹਨ ਤਾਂ ਬੈਠ ਕੇ ਗੱਲ ਕਿਉਂ ਨਹੀਂ ਕਰਦੇ।
ਸੰਗਤ ਨੂੰ ਭੇਡਾਂ ਦੱਸਣ ਵਾਲਿਆਂ ਨੂੰ ਅੱਜ ਸੰਗਤ ਯਾਦ ਆ ਗਈ
ਭਾਈ ਅਮਰੀਕ ਸਿੰਘ ਅਜਨਾਲਾ ਦੇ ਚੈਲੰਜ ਕਬੂਲਣ 'ਤੇ ਵੀ ਪ੍ਰਤੀਕਿਰਿਆ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਅਜਨਾਲਾ ਸਾਡੇ ਧਾਰਮਿਕ ਦੀਵਾਨਾਂ 'ਚ ਆਉਣ ਵਾਲੀ ਲੱਖਾਂ ਸੰਗਤ ਨੂੰ ਭੇਡਾਂ ਦੱਸਦੇ ਰਹੇ ਪਰ ਅੱਜ ਉਨ੍ਹਾਂ ਨੂੰ ਮੁੜ ਸੰਗਤ ਯਾਦ ਆ ਗਈ ਕਿ ਵਿਵਾਦਾਂ 'ਤੇ ਵਿਚਾਰ-ਵਟਾਂਦਰਾ ਸੰਗਤ ਦੀ ਹਾਜ਼ਰੀ 'ਚ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਜਦੋਂ ਵੀ ਕੁੱਝ ਬੰਦਿਆਂ 'ਚ ਬੈਠ ਕੇ ਸਿੱਖ ਕੌਮ ਦੇ ਵਿਵਾਦਾਂ ਪ੍ਰਤੀ ਬੈਠ ਕੇ ਵਿਚਾਰ-ਵਟਾਂਦਰਾ ਹੋਇਆ ਤਾਂ ਉਸ ਦਾ ਕੋਈ ਸਿੱਟਾ ਨਾ ਨਿਕਲਿਆ, ਇਸ ਲਈ ਉਹ ਚਾਹੁੰਦੇ ਹਨ ਕਿ ਅਜਨਾਲਾ ਅਤੇ ਉਨ੍ਹਾਂ ਵਿਚਕਾਰ ਹੋਣ ਵਾਲੇ ਸਵਾਲਾਂ ਦੇ ਜਵਾਬ ਚੈਨਲਾਂ 'ਤੇ ਬੈਠ ਕੇ ਹੋਣ ਤਾਂ ਜੋ ਕੁੱਝ ਵਿਅਕਤੀਆਂ ਦੀ ਬਜਾਏ ਲੱਖਾਂ ਸੰਗਤ ਇਸ ਨੂੰ ਦੇਖੇ ਅਤੇ ਫੈਸਲਾ ਕਰੇ ਕਿ ਕੌਣ ਸਹੀ ਹੈ ਜਾਂ ਕੌਣ ਗਲਤ। ਭਾਈ ਰਣਜੀਤ ਸਿੰਘ ਨੇ ਮੁੜ ਅਜਨਾਲਾ ਨੂੰ ਕਿਹਾ ਕਿ ਬੇਸ਼ੱਕ ਉਹ ਆਪਣੇ ਧਾਰਮਿਕ ਅਸਥਾਨ 'ਚ ਬੈਠ ਕੇ ਚੈਨਲ ਰਾਹੀਂ ਲਾਈਵ ਹੋ ਕੇ ਉਨ੍ਹਾਂ ਨੂੰ ਸਵਾਲ ਪੁੱਛਣ ਅਤੇ ਉਹ ਆਪਣੇ ਸਟੂਡੀਓ 'ਚ ਲਾਈਵ ਹੋ ਕੇ ਸਵਾਲਾਂ ਦਾ ਜਵਾਬ ਦੇਣਗੇ।


Babita

Content Editor

Related News