ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਜਵਾਬ ਦੇਵੇ : ਢੀਂਡਸਾ

04/04/2020 4:29:31 PM

ਸ਼ੇਰਪੁਰ (ਅਨੀਸ਼): 'ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ ਨਾਲ ਪੂਰੇ ਸਿੱਖ ਜਗਤ ਨੂੰ ਘਾਟਾ ਪਿਆ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਰੋਕਿਆ ਗਿਆ ਹੈ, ਇਸ ਨਾਲ ਸਿੱਖ ਕੌਮ ਦਾ ਸਿਰ ਪੂਰੀ ਦੁਨੀਆ 'ਚ ਨੀਵਾਂ ਹੋਇਆ ਹੈ।' ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਆਡੀਓ ਟੀ.ਵੀ. 'ਤੇ ਰਿਲੀਜ਼ ਹੋਈ ਹੈ, ਜਿਸ 'ਚ ਭਾਈ ਨਿਰਮਲ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ ਗਿਆ ਅਤੇ ਉਨ੍ਹਾਂ ਦੀ ਬੀਮਾਰੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਇਸ ਸਬੰਧੀ ਸਿੱਖ ਜਗਤ ਨੂੰ ਬਹੁਤ ਦੁੱਖ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ

ਢੀਂਡਸਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਦੀ ਡੈੱਡ ਬਾਡੀ ਨੂੰ ਰੋਲਿਆ ਗਿਆ ਹੈ, ਉਸ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ 'ਚ ਨਿਰਮਲ ਸਿੰਘ ਖਾਲਸਾ ਦਾ ਇਲਾਜ ਕਰਵਾਉਂਦੀ। ਉਨ੍ਹਾਂ ਪੰਜਾਬ ਸਰਕਾਰ 'ਤੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਦੋਵਾਂ ਤੋਂ ਜਵਾਬ ਮੰਗਿਆ ਕਿ ਇਹ ਸਭਕੁੱਝ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਕਿਉਂ ਨਹੀਂ ਹੋਇਆ ਅਤੇ ਸ਼੍ਰੋਮਣੀ ਕਮੇਟੀ ਵੀ ਦੱਸੇ ਕਿ ਉਨ੍ਹਾਂ ਨੂੰ ਮੈਡੀਕਲ ਹਸਪਤਾਲ 'ਚ ਭਰਤੀ ਕਿਉਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਨਿਰਮਲ ਸਿੰਘ ਖਾਲਸਾ ਦਾ ਬਹੁਤ ਵੱਡਾ ਨਾਂ ਸੀ, ਜਿਸ ਕਰ ਕੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਦਿੱਤਾ। ਇਸ ਲਈ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਜਵਾਬ ਤੁਰੰਤ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਵਾਢੀ ਨੂੰ ਲੈ ਕੇ ਪਟਿਆਲਾ ਦੇ ਡੀ. ਸੀ .ਨੇ ਜਾਰੀ ਕੀਤਾ ਇਹ ਫਰਮਾਨ


Shyna

Content Editor

Related News