ਡੇਰਾਬੱਸੀ ਨੇੜਲੇ ਪਿੰਡ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ
Saturday, Nov 07, 2020 - 04:06 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਡੇਰਾਬੱਸੀ ਨੇੜਲੇ ਪਿੰਡ ਦੇਵੀਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਔਰਤ ਵੱਲੋਂ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਵੇਸਲੇ ਢੰਗ ਨਾਲ ਕੰਮ ਕਰ ਰਹੀ ਹੈ, ਇਸੇ ਕਰਕੇ ਹੀ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗੰਭੀਰ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਸੁਚੇਤ ਰੂਪ ਵਿਚ ਨਿਗਰਾਨੀ ਕਰਨੀ ਚਾਹੀਦੀ ਹੈ।
ਭਾਈ ਲੌਂਗੋਵਾਲ ਨੇ ਡੇਰਾਬੱਸੀ ਨੇੜਲੇ ਪਿੰਡ ਦੇਵੀਨਗਰ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗ੍ਰਿਫ਼ਤਾਰ ਕੀਤੀ ਦੋਸ਼ੀ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਸ ਔਰਤ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇ। ਇਸ ਔਰਤ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾਂ ਅਤੇ ਹੋਰਾਂ ਨੂੰ ਘਟਨਾ ਸਥਾਨ 'ਤੇ ਭੇਜਿਆ, ਜਿਨ੍ਹਾਂ ਨੇ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਲਿਆਂਦਾ।
ਇਹ ਵੀ ਪੜ੍ਹੋ : 'ਮਿੱਤਰਾਂ ਦੇ ਸ਼ੌਂਕ ਅਵੱਲੇ, ਰਸ਼ੀਅਨ ਟਰੈਕਟਰ ਨਾਲ ਇਲਾਕੇ 'ਚ ਕਰਾਈ ਬੱਲੇ-ਬੱਲੇ