ਗੁਰਦਾਸ ਮਾਨ ਸਿੱਖ ਜਗਤ ਤੋਂ ਮੁਆਫੀ ਮੰਗੇ : ਦਮਦਮੀ ਟਕਸਾਲ

Monday, Sep 23, 2019 - 02:30 PM (IST)

ਗੁਰਦਾਸ ਮਾਨ ਸਿੱਖ ਜਗਤ ਤੋਂ ਮੁਆਫੀ ਮੰਗੇ : ਦਮਦਮੀ ਟਕਸਾਲ

ਅਜਨਾਲਾ (ਬਾਠ) : ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਪੂਰੇ ਦੇਸ਼ 'ਚ ਹਿੰਦੀ ਭਾਸ਼ਾ ਲਾਗੂ ਕਰਨ ਦੇ ਦਿੱਤੇ ਬਿਆਨ ਦੀ ਹਮਾਇਤ 'ਚ ਉੱਤਰੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕੈਨੇਡਾ 'ਚ ਵਿਰੋਧ ਕਰ ਰਹੇ ਸਿੱਖ ਭਾਈਚਾਰੇ ਨੇ ਮਾਨ ਵੱਲੋਂ ਬੋਲੇ ਗਏ ਅਪਸ਼ਬਦਾਂ ਦਾ ਸਖਤ ਨੋਟਿਸ ਲਿਆ ਹੈ। ਇਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਹੈੱਡਕੁਆਰਟਰ ਅਜਨਾਲਾ ਦੇ ਦਫਤਰ ਤੋਂ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ-ਬੋਲੀ ਰਾਹੀਂ ਆਪਣਾ ਜੀਵਨ ਅਤੇ ਗਾਇਕੀ ਦਾ ਸਫਰ ਸੰਵਾਰਨ ਵਾਲੇ ਗੁਰਦਾਸ ਮਾਨ ਨੇ ਉਕਤ ਬਿਆਨ ਦੇ ਕੇ ਜਿਥੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਉਥੇ ਪੰਜਾਬੀ ਮਾਂ-ਬੋਲੀ ਦੀ ਪਿੱਠ 'ਚ ਛੁਰਾ ਵੀ ਮਾਰਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਸਭ ਸੂਬੇ ਭਾਸ਼ਾ ਦੇ ਆਧਾਰ 'ਤੇ ਬਣੇ ਹਨ, ਫਿਰ ਸਾਰੇ ਦੇਸ਼ 'ਚ ਹਿੰਦੀ ਭਾਸ਼ਾ ਕਿਵੇਂ ਲਾਗੂ ਹੋ ਸਕਦੀ ਹੈ?

ਭਾਈ ਅਜਨਾਲਾ ਨੇ ਕਿਹਾ ਕਿ ਹਿੰਦੀ ਭਾਸ਼ਾ ਦੀ ਹਮਾਇਤ ਕਰ ਕੇ ਮਾਨ ਰਾਜ ਸਭਾ ਦੀ ਮੈਂਬਰੀ ਪ੍ਰਾਪਤ ਕਰਨਾ ਚਾਹੁੰਦਾ ਹੈ, ਇਸੇ ਕਰ ਕੇ ਉਸ ਨੇ ਆਪਣੇ ਸਿਆਸੀ ਆਕਾਵਾਂ ਦੀ ਖੁਸ਼ੀ ਪ੍ਰਾਪਤ ਕਰਨ ਅਤੇ ਹਿੰਦੀ ਭਾਸ਼ਾ ਦੀ ਹਮਾਇਤ ਕਰ ਕੇ ਆਪਣੀ ਮਾਂ-ਬੋਲੀ ਨਾਲ ਵਿਸ਼ਵਾਸਘਾਤ ਕੀਤਾ ਹੈ। ਗੁਰਦਾਸ ਮਾਨ ਦੀ ਉਕਤ ਹਰਕਤ ਕਰ ਕੇ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਗੁਰਦਾਸ ਮਾਨ ਆਪਣਾ ਬਿਆਨ ਵਾਪਸ ਲੈ ਕੇ ਪੂਰੇ ਸਿੱਖ ਜਗਤ ਤੋਂ ਆਪਣੀ ਗਲਤੀ ਦੀ ਮੁਆਫੀ ਮੰਗੇ, ਨਹੀਂ ਤਾਂ ਸਿੱਖ ਜਗਤ ਵੱਲੋਂ ਹੋਣ ਵਾਲੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਪਰੰਤ ਸਿੰਘ ਸਾਹਿਬ ਭਾਈ ਅਜਨਾਲਾ ਨੇ ਗੁਰਦਾਸ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਆਪਣੀ ਔਕਾਤ 'ਚ ਰਹਿਣ ਦੀ ਤਾਕੀਦ ਕੀਤੀ ਤੇ ਸਿੱਖ ਕੌਮ ਦੇ ਨਾਇਕਾਂ ਅਤੇ ਪੰਜਾਬੀ ਬੋਲੀ ਪ੍ਰਤੀ ਆਪਣਾ ਵਤੀਰਾ ਬਦਲਣ 'ਤੇ ਮੁਆਫ਼ੀ ਮੰਗਣ ਲਈ ਕਿਹਾ।


author

Anuradha

Content Editor

Related News