ਭਾਈ ਅਜਨਾਲਾ ਨੇ ਕਬੂਲਿਆਂ ਢੱਡਰੀਆਂਵਾਲਿਆਂ ਦਾ ਚੈਲੇਂਜ, ਕਿਹਾ ਸਮਾਂ ''ਤੇ ਸਥਾਨ ਤੁਹਾਡਾ

Wednesday, Feb 26, 2020 - 06:33 PM (IST)

ਅੰਮ੍ਰਿਤਸਰ : ਭਾਈ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਉਸ ਚੈਲੇਂਜ ਨੂੰ ਕਬੂਲ ਲਿਆ ਹੈ, ਜਿਸ ਵਿਚ ਢੱਡਰੀਆਂਵਾਲਿਆਂ ਨੇ ਉਨ੍ਹਾਂ ਨੂੰ ਖੁੱਲ੍ਹਾ ਸੰਵਾਦ ਕਰਨ ਦਾ ਸੱਦਾ ਦਿੱਤਾ ਸੀ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਜਾ ਕੇ ਢੱਡਰੀਆਂਵਾਲਿਆਂ ਨੂੰ ਸੰਵਾਦ ਲਈ ਆਖ ਚੁੱਕੇ ਹਨ ਅਤੇ ਹੁਣ ਵੀ ਉਹ ਉਨ੍ਹਾਂ ਦਾ ਚੈਲੇਂਜ ਕਬੂਲ ਕਰਦੇ ਹਨ। 

ਭਾਈ ਅਜਨਾਲਾ ਨੇ ਕਿਹਾ ਕਿ ਢੱਡਰੀਆਂਵਾਲੇ ਸਮਾਂ ਅਤੇ ਸਥਾਨ ਖੁਦ ਚੁਨਣ ਉਹ ਆ ਜਾਣਗੇ ਪਰ ਉਨ੍ਹਾਂ ਦੀ ਸ਼ਰਤ ਸਿਰਫ ਇਹੋ ਹੈ ਕਿ ਇਹ ਸੰਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਗਤਾਂ ਦੇ ਸਾਹਮਣੇ ਹੋਵੇਗਾ। ਭਾਈ ਅਜਨਾਲਾ ਨੇ ਕਿਹਾ ਕਿ ਢੱਡਰੀਆਂਵਾਲੇ ਦੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ ਅਤੇ ਸਾਡੇ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਦੇਣੇ ਪੈਣਗੇ। ਸੰਗਤ ਦੀ ਹਜ਼ੂਰੀ ਵਿਚ ਖੁੱਲ੍ਹੀ ਚਰਚਾ ਹੋਵੇਗਾ। 

ਦੱਸਣਯੋਗ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਦੀਵਾਨਾਂ ਦੇ ਵਿਰੋਧ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਦੀਵਾਨ ਛੱਡਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਢੱਡਰੀਆਂਵਾਲਿਆਂ ਨੇ ਭਾਈ ਅਜਨਾਲਾ ਨੂੰ ਕਿਸੇ ਚੈਨਲ 'ਤੇ ਸੰਵਾਦ ਕਰਨ ਦਾ ਵੀ ਚੈਲੇਂਜ ਕੀਤਾ ਸੀ। ਢੱਡਰੀਆਂਵਾਲਿਆਂ ਨੇ ਇਹ ਕਹਿੰਦੇ ਹੋਏ ਦੀਵਾਨ ਛੱਡਣ ਦਾ ਐਲਾਨ ਕੀਤਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੀਵਾਨਾਂ ਦੌਰਾਨ ਮਾਹੌਲ ਖਰਾਬ ਹੋਵੇ ਜਾਂ ਕਿਸੇ ਕਿਸਮ ਦਾ ਖੂਨ ਖਰਾਬਾ ਹੋਵੇ।


Gurminder Singh

Content Editor

Related News