ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫ਼ੈਸਲਾ
Monday, Jul 24, 2023 - 06:29 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਉਪਰਾਲਾ ਕੀਤਾ ਹੈ। ਨੌਜਵਾਨਾਂ ਨੂੰ ਅੰਗਰੇਜ਼ੀ ਵਿਚ ਮਾਹਿਰ ਬਨਾਉਣ ਲਈ ਮੁੱਖ ਮੰਤਰੀ ਨੇ ਵੱਡਾ ਫ਼ੈਸਲਾ ਲੈਂਦਿਆਂ ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਦੇ ਤਹਿਤ ਉੱਚ ਸਿੱਖਿਆ ਵਿਭਾਗ ਅਤੇ ਬ੍ਰਿਟਿਸ਼ ਕਾਊਂਸਿਲ ਦੇ ਦਰਮਿਆਨ ਐੱਮ. ਓ. ਯੂ. (ਮੈਮੋਰੰਡਮ ਆਫ ਅੰਡਰ ਸਟੈਂਡਿੰਗ) ਸਾਈਨ ਕੀਤਾ ਹੈ। ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਦੇ ਨਾਲ ਪੰਜਾਬ ਦੇ ਨੌਜਵਾਨ ਵਿਸ਼ਵ ਪੱਧਰ ’ਤੇ ਕੰਪੀਟ ਕਰਨ ਲਈ ਅੰਗਰੇਜ਼ੀ ਵਿਚ ਮਾਹਿਰ ਹੋਣਗੇ। ਐੱਮ. ਓ. ਯੂ. ਤਹਿਤ ਮੁਫਤ ਅੰਗਰੇਜ਼ੀ ਟ੍ਰੇਨਿੰਗ ਲਈ ਉੱਚ ਸਿੱਖਿਆ ਵਿਭਾਗ ਪਹਿਲੇ ਬੈਚ ਵਿਚ 5000 ਵਿਦਿਆਰਥੀਆਂ ਦੀ ਚੋਣ ਕਰੇਗਾ।
ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮੀਟਿਡ (ਬੀ.ਸੀ.ਈ.ਆਈ.ਪੀ.ਐਲ.) ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ। ਸਮਝੌਤੇ ਉਤੇ ਪੰਜਾਬ ਸਰਕਾਰ ਦੀ ਤਰਫ਼ੋ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕੌਂਸਲ ਦੇ ਐੱਮ.ਡੀ. ਡੰਕਨ ਵਿਲਸਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੰਡੀਗੜ੍ਹ ਵਿਚ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੇ ਹਸਤਾਖ਼ਰ ਕੀਤੇ। ਇਹ ਸਮਝੌਤਾ ਨੇਪਰੇ ਚੜ੍ਹਨ ਉਤੇ ਉਚੇਰੀ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਵੇਗਾ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਵਿਚ ਰੁਜ਼ਗਾਰ ਪੱਖੀ ਮੁਹਾਰਤ ਨਵਿਆਉਣ ਵਿਚ ਮਦਦ ਮਿਲੇਗੀ ਅਤੇ ਨੌਜਵਾਨ ਸਨਅਤੀ ਤੇ ਸੇਵਾ ਖੇਤਰ ਵਿਚ ਆਪਣੇ ਲਈ ਨੌਕਰੀਆਂ ਦੇ ਵੱਧ ਮੌਕੇ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਭਾਰਤ ਵਿਚ ਹੀ ਰਹਿ ਕੇ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਅਤੇ ਉਹ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿਚ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਤੋਂ ਹੁਨਰਮੰਦ ਨੌਜਵਾਨਾਂ ਦੇ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜਾ ਦੇਣ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੈ। ਭਗਵੰਤ ਮਾਨ ਨੇ ਆਖਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਵਿਦਿਆਰਥੀ ਕੰਮ ਲਈ ਅੰਗਰੇਜ਼ੀ ਦੇ ਇਕ ‘ਲੈਵਲ’ ਦੀ ਪੜ੍ਹਾਈ ਕਰਨਗੇ, ਜਿਸ ਨਾਲ ਅੰਗਰੇਜ਼ੀ ਜਾਣਨ ਕਰ ਕੇ ਉਨ੍ਹਾਂ ਵਿਚ ਰੁਜ਼ਗਾਰ ਪੱਖੀ ਮੁਹਾਰਤ ਪੈਦਾ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਮਿਸ਼ਰਤ ਕੋਰਸ ਹੈ, ਜਿਸ ਵਿਚ ਕੰਮ ਵਰਗੇ ਅਸਲ ਹਾਲਾਤ ਵਿਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਸਿੱਖਣ ’ਤੇ ਧਿਆਨ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਲਿਸਨਿੰਗ (ਸੁਣਨ), ਰੀਡਿੰਗ (ਪੜ੍ਹਨ), ਰਾਈਟਿੰਗ (ਲਿਖਣ) ਅਤੇ ਸਪੀਕਿੰਗ (ਬੋਲਣ) ਸਮੇਤ ਵਿਆਕਰਨ, ਮੁਹਾਰਨੀ ਅਤੇ ਸ਼ਬਦਾਵਲੀ ’ਤੇ ਧਿਆਨ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਇਹ ਪ੍ਰਾਜੈਕਟ ਵਿਦਿਅਕ ਸੈਸ਼ਨ 2023-24 ਤੋਂ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਇੱਕੋ ਦਿਨ ’ਚ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕਾਂ ’ਚ 17 ਸਾਲਾ ਕੁੜੀ, ਮੁੰਡਾ ਤੇ ਏ. ਐੱਸ. ਆਈ. ਸ਼ਾਮਲ
ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਆਨਲਾਈਨ ਮਿਸ਼ਰਤ ਲਰਨਿੰਗ ਕੋਰਸ ਹੈ, ਜਿਹੜਾ ਲਾਈਵ ਇੰਟਰਐਕਟਿਵ ਕਲਾਸਾਂ ਨਾਲ ਖ਼ੁਦ ਪੜ੍ਹਨ ਦੇ ਲਚਕੀਲੇ ਸਿਧਾਂਤ ਨਾਲ ‘ਫਲਿੱਪਡ ਕਲਾਸਰੂਮ’ ਸੰਕਲਪ ਦੀ ਵਰਤੋਂ ਕਰੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਵਿਦਿਆਰਥੀ ਪੇਸ਼ੇਵਰ ਹਾਲਾਤ ਵਿਚ ਸਵੈ-ਵਿਸ਼ਵਾਸ ਨਾਲ ਆਪਣੀ ਗੱਲ ਕਹਿਣ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਅੱਗੇ ਆਖਿਆ ਕਿ ਇਸ ਵਿਚ ਇਕ ਅਗਾਊਂ ਮੁਲਾਂਕਣ ਪ੍ਰੀਖਿਆ ਹੋਵੇਗੀ ਤਾਂ ਕਿ ਵਿਦਿਆਰਥੀਆਂ ਦੇ ਮੌਜੂਦਾ ਪੱਧਰ ਦਾ ਪਤਾ ਲਗਾਇਆ ਜਾਵੇ। ਕੋਰਸ ਮੁਕੰਮਲ ਹੋਣ ਉਤੇ ਵਿਦਿਆਰਥੀਆਂ ਦਾ ਇਕ ਵਾਰ ਫਿਰ ਮੁਲਾਂਕਣ ਹੋਵੇਗਾ, ਜਿਸ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ 29 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8