ਮੁੱਖ ਮੰਤਰੀ ਭਗਵੰਤ ਮਾਨ ‘ਸਰਕਾਰ ਆਪਕੇ ਦੁਆਰ’ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕਰਨਗੇ ਮੁਲਾਕਾਤ
Monday, May 15, 2023 - 05:13 PM (IST)
ਜਲੰਧਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਬੁੱਧਵਾਰ ਨੂੰ ਸਥਾਨਕ ਸਰਕਟ ਹਾਊਸ ਵਿਖੇ ਹੋਵੇਗੀ। ਮੁੱਖ ਮੰਤਰੀ ਇੱਥੇ ਹੋਣ ਵਾਲੇ ‘ਸਰਕਾਰ ਆਪਕੇ ਦੁਆਰ’ ਪ੍ਰੋਗਰਾਮ ਦੌਰਾਨ ਆਮ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ, ਜਿੱਥੇ ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਵੀ ਲੋਕਾਂ ਦੇ ਮਸਲੇ ਸੁਣਨ ਤੋਂ ਇਲਾਵਾ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਲਈ ਮੌਜੂਦ ਰਹਿਣਗੇ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਦੇ ਨਾਲ-ਨਾਲ ‘ਸਰਕਾਰ ਆਪਕੇ ਦੁਆਰ’ ਪ੍ਰੋਗਰਾਮ ਅਧੀਨ ਹੋਣ ਵਾਲੀ ‘ਪਬਲਿਕ ਮਿਲਣੀ’ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪ੍ਰੋਗਰਾਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮਾਗਮ ਵਾਲੀਆਂ ਥਾਵਾਂ 'ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਨਾਲ-ਨਾਲ ਹੋਰਨਾਂ ਵਿਭਾਗਾਂ ਨੂੰ ਦਿੱਤੇ ਗਏ ਕੰਮ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਚ ਸਿੰਜਾਈ ਨੈੱਟਵਰਕ ਯਕੀਨੀ ਬਣਾਉਣ ਲਈ ਵਚਨਬੱਧ: ਮੀਤ ਹੇਅਰ
‘ਪਬਲਿਕ ਮਿਲਣੀ’ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਵੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ ਅਤੇ ਕੈਬਨਿਟ ਮੰਤਰੀ ਆਪੋ-ਆਪਣੇ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸੁਣਨਗੇ। ਉਨ੍ਹਾਂ ਦੱਸਿਆ ਕਿ 'ਪਬਲਿਕ ਮਿਲਣੀ' ਵਿੱਚ ਸਥਾਨਕ ਸਰਕਾਰਾਂ, ਮਾਲ, ਪੁਲਸ, ਸਿਹਤ, ਲੋਕ ਨਿਰਮਾਣ, ਸਕੂਲ ਸਿੱਖਿਆ, ਖੇਤੀਬਾੜੀ, ਪੇਂਡੂ ਵਿਕਾਸ, ਪਸ਼ੂ ਪਾਲਣ, ਪ੍ਰਵਾਸੀ ਭਾਰਤੀ ਮਾਮਲੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।