ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ’ਚ ‘ਆਪ’ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ: ਭਗਵੰਤ ਮਾਨ
Monday, Sep 19, 2022 - 01:04 PM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਸੀ ਪਰ ‘ਆਪ’ ਦੇ ਈਮਾਨਦਾਰ ਵਿਧਾਇਕਾਂ ਨੇ 'ਆਪ੍ਰੇਸ਼ਨ ਲੋਟਸ' ਨੂੰ ਫੇਲ ਕਰ ਦਿੱਤਾ। ਜਰਮਨੀ ਤੋਂ ਐਤਵਾਰ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਆਪ’ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ 92 ਵਿਧਾਇਕ ਚੁਣੇ ਗਏ ਸਨ, ਜਿਨ੍ਹਾਂ ’ਚੋਂ 82 ਵਿਧਾਇਕ ਪਹਿਲੀ ਵਾਰ ਜਿੱਤੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਚੁਣੇ ਗਏ ‘ਆਪ’ ਦੇ ਵਿਧਾਇਕ ਆਮ ਘਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ’ਚ ਚਰਨਜੀਤ ਸਿੰਘ ਚੰਨੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪ. ਅਮਰਿੰਦਰ, ਨਵਜੋਤ ਸਿੰਘ ਸਿੱਧੂ, ਵਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਨੇਤਾਵਾਂ ਨੂੰ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ’ਚ ‘ਆਪ’ ਵਿਧਾਇਕਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਗੱਲ ਨੂੰ ਭੁੱਲ ਗਈ ਕਿ ਪੰਜਾਬ ’ਚ ਵਿਧਾਇਕਾਂ ਦੀ ਕੋਈ ਮੰਡੀ ਨਹੀਂ ਲੱਗਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੁਆਰਾ ਬਣਾਈ ਗਈ ਪਾਰਟੀ ਹੈ। ਇਹ ਵਿਸ਼ਵਾਸ ’ਤੇ ਚੱਲਦੀ ਹੈ ਅਤੇ ਜਨਤਾ ਦੇ ਵਿਸ਼ਵਾਸ ਨੂੰ ਪੈਸੇ ਜਾਂ ਸੌਦਿਆਂ ਨਾਲ ਨਹੀਂ ਤੋਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੈਂਕ ਖ਼ਾਤੇ ਖਾਲੀ ਹੋ ਸਕਦੇ ਹਨ ਪਰ ਸਾਡੇ ਕੋਲ ਲੋਕਾਂ ਦਾ ਭਰੋਸਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਡਲ ਟਾਊਨ ਵਿਖੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਤਾਕਤ ਦਿੱਤੀ ਹੈ ਅਤੇ ਅਸੀਂ ਈਮਾਨਦਾਰੀ ਨਾਲ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ’ਚ ਮੋਦੀ ਦੇ ਹੱਕ ’ਚ ਨਾਅਰੇ ਲਾਉਣ ਲਈ ਕਿਰਾਏ ’ਤੇ ਭੀੜ ਇਕੱਠੀ ਹੁੰਦੀ ਹੈ, ਜਦਕਿ ਅਰਵਿੰਦ ਕੇਜਰੀਵਾਲ ਨੂੰ ਵੇਖਣ ਲਈ ਕਿਰਾਏ ’ਤੇ ਭੀੜ ਇਕੱਠੀ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਸੂਬੇ ਨੂੰ ਜਿੱਤਣਾ ਚਾਹੁੰਦੀ ਹੈ ਪਰ ਉਸ ਨੂੰ ਵਾਪਸੀ ਦਾ ਰਸਤਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸਿਕੰਦਰ ਵੀ ਪੰਜਾਬ ਤੱਕ ਜੰਗਾਂ ਜਿੱਤਦਾ ਹੋਇਆ ਆ ਗਿਆ ਸੀ ਪਰ ਪੰਜਾਬ ਦੀ ਧਰਤੀ ’ਤੇ ਪੋਰਸ ਨੇ ਸਿਕੰਦਰ ਦਾ ਰਸਤਾ ਰੋਕਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੂੰ ਇਹ ਪਤਾ ਨਹੀਂ ਸੀ ਕਿ ਝਾੜੂ ਕਮਲ ਦੇ ਫੁੱਲ ਨੂੰ ਸਾਫ਼ ਕਰ ਦੇਵੇਗਾ। ਪਹਿਲਾਂ ਦਿੱਲੀ ਵਿਚ ਪਾਰਦਰਸ਼ੀ ਸਰਕਾਰ ਬਣੀ ਅਤੇ ਉਸ ਤੋਂ ਬਾਅਦ ਹੁਣ ਪੰਜਾਬ ’ਚ ਪਾਰਦਰਸ਼ੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਨੇ ਤਿਰੰਗਾ ਯਾਤਰਾ, ਰੋਡ ਸ਼ੋਅ ਅਤੇ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਇਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਣ ਦਾ ਸੱਦਾ ਦਿੱਤਾ ਸੀ, ਜਿਸ ’ਤੇ ਲੋਕਾਂ ਨੇ ਮੋਹਰ ਲਾਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਰਾਮ ਲੀਲਾ ਮੈਦਾਨ ਤੋਂ ਨਿਕਲ ਕੇ ਇੰਦਰਾ ਗਾਂਧੀ ਸਟੇਡੀਅਮ ਤੱਕ ਪਹੁੰਚ ਗਈ ਹੈ ਅਤੇ ਹੁਣ ਉਸ ਨੂੰ ਸਟੇਡੀਅਮ ਤੋਂ ਨਿਕਲ ਕੇ ਲਾਲ ਕਿਲੇ ਤੱਕ ਲੈ ਜਾਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹੈ। ਜਨਤਾ ਹੀ ਨੇਤਾਵਾਂ ਨੂੰ ਅਰਸ਼ ’ਤੇ ਪਹੁੰਚਾਉਂਦੀ ਹੈ ਅਤੇ ਜਨਤਾ ਹੀ ਨੇਤਾਵਾਂ ਨੂੰ ਫਰਸ਼ ’ਤੇ ਪਹੁੰਚਾ ਦਿੰਦੀ ਹੈ।
ਇਹ ਵੀ ਪੜ੍ਹੋ: ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਪਤਾ ਸੀ ਕਿ ਉਹ ਕਈ ਸੂਬਿਆਂ ’ਚ ਚੋਣਾਂ ਨਹੀਂ ਜਿੱਤ ਸਕਦੀ। ਇਸ ਲਈ ਉਹ ਪੈਸਿਆਂ ਦੇ ਜ਼ੋਰ ’ਤੇ ਨੇਤਾਵਾਂ ਦੀ ਖਰੀਦੋ-ਫਰੋਖਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਆਪ੍ਰੇਸ਼ਨ ਲੋਟਸ ਤਾਂ ਫੇਲ ਹੋ ਗਿਆ ਹੈ ਪਰ ਫਿਰ ਵੀ ਅਸੀਂ ਸਾਰਿਆਂ ਨੇ ਚੌਕਸੀ ਨਾਲ ਅੱਗੇ ਵਧਣਾ ਹੈ।
ਸੀ. ਐੱਮ. ਭਗਵੰਤ ਮਾਨ ਨਹੀਂ ਪਹੁੰਚ ਸਕੇ ਦਿੱਲੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ’ਚ ਬੀਤੇ ਦਿਨੀਂ ਇਹ ਦੱਸਿਆ ਗਿਆ ਸੀ ਕਿ ਉਹ ਦਿੱਲੀ ’ਚ ਐਤਵਾਰ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਕੌਮੀ ਕਨਵੈਨਸ਼ਨ ਵਿਚ ਹਿੱਸਾ ਲੈਣ ਲਈ ਪਹੁੰਚ ਜਾਣਗੇ ਪਰ ਕੁਝ ਕਾਰਨਾਂ ਕਰਕੇ ਉਹ ਸਮੇਂ ਸਿਰ ਨਹੀਂ ਪਹੁੰਚ ਸਕੇ, ਇਸ ਲਈ ਉਨ੍ਹਾਂ ਜਰਮਨੀ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਕਨਵੈਨਸ਼ਨ ਨੂੰ ਸੰਬੋਧਨ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ