ਅਰਵਿੰਦ ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ

Sunday, Apr 16, 2023 - 05:04 PM (IST)

ਅਰਵਿੰਦ ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ/ਨਵੀਂ ਦਿੱਲੀ (ਵੈੱਬ ਡੈਸਕ)- ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਐਤਵਾਰ ਨੂੰ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਹਨ। ਅਰਵਿੰਦ ਕੇਜਰੀਵਾਲ ਦੇ ਸਮਰਥਨ ਲਈ ਪੰਜਾਬ ਦੇ ਮੰਤਰੀ ਅਤੇ ਆਗੂਆਂ ਸਮੇਤ ਵੱਡੀ ਗਿਣਤੀ ਵਰਕਰ ਦਿੱਲੀ ਪਹੁੰਚੇ ਹਨ। ਕੇਜਰੀਵਾਲ ਤੋਂ ਪੁੱਛਗਿੱਛ ਖ਼ਿਲਾਫ਼ ਵੱਖ-ਵੱਖ ਜਗ੍ਹਾ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਿੱਲੀ ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਹਨ। ਅਰਵਿੰਜ ਕੇਜਰੀਵਾਲ ਤੋਂ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਇਕ ਨੈਸ਼ਨਲ ਪਾਰਟੀ ਕਿਵੇਂ ਬਣ ਗਈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਅਜਿਹੇ ਕ੍ਰਾਂਤੀਕਾਰੀ ਨੇਤਾ ਹਨ, ਜਿਨਾਂ ਨੇ ਐਂਟੀ ਕੁਰੱਪਸ਼ਨ ਮੁਵਮੈਂਟ ਨਾਲ ਰਾਜਨੀਤੀ ਸ਼ੁਰੂ ਕੀਤੀ ਅਤੇ ਰਾਜਨੀਤੀ ਦੀ ਦਿਸ਼ਾ-ਦਸ਼ਾ ਬਦਲ ਦਿੱਤੀ।

ਦਿੱਲੀ ਦੀ ਜਨਤਾ ਨੇ 2 ਵਾਰ ਭਾਜਪਾ ਨੂੰ ਹਰਾਇਆ ਅਤੇ ਫਿਰ ਐੱਮ. ਸੀ. ਡੀ. ਵਿਚ ਵੀ ਹਰਾਇਆ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ, ਕਿਉਂਕਿ 'ਆਪ' ਈਮਾਨਦਾਰ ਹੈ। ਪੰਜਾਬ ਵਿਚ ਵੀ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ। ਦਿੱਲੀ ਵਿਚ ਵੀ ਇਕ ਰੁਪਏ ਦਾ ਕਰਜ਼ਾ ਨਹੀਂ ਲਿਆ ਹੈ। ਦਿੱਲੀ ਵਿਚ ਬਿਜਲੀ ਮੁਫ਼ਤ ਕੀਤੀ ਗਈ, ਸਕੂਲ ਸ਼ਾਨਦਾਰ ਬਣਾਏ ਗਏ। ਨੌਕਰੀਆਂ ਮਿਲਣ ਲੱਗੀਆਂ ਅਤੇ ਦਿੱਲੀ ਦਾ ਬਜਟ ਤਿੰਨ ਗੁਣਾ ਵਧਿਆ ਹੈ। ਜੇਕਰ ਕੋਈ ਮਾਫ਼ੀਆ ਬਣਾਇਆ ਹੁੰਦਾ ਤਾਂ ਅਜਿਹੇ ਕੰਮ ਦਿੱਲੀ ਵਿਚ ਨਹੀਂ ਹੋਣੇ ਸਨ। 

ਇਹ ਵੀ ਪੜ੍ਹੋ :ਸਾਬਕਾ CM ਚੰਨੀ ’ਤੇ ਮਲਵਿੰਦਰ ਕੰਗ ਦਾ ਨਿਸ਼ਾਨਾ, ਕਿਹਾ-ਕਿਸ ਗ਼ਰੀਬ ਕੋਲ ਹੈ 10 ਕਰੋੜ ਦੀ ਜਾਇਦਾਦ?

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅੱਜ ਸਰਕਾਰ ਬਣੇ ਨੂੰ 13 ਮਹੀਨੇ ਹੋ ਚੁੱਕੇ ਹਨ। ਪੰਜਾਬ ਵਿਚ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਸਕੂਲ ਆਫ਼ ਐਮੀਨੈਂਸ ਖੁੱਲ੍ਹ ਰਹੇ ਹਨ। ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਅਸੀਂ ਸੈਂਡ ਮਾਫ਼ੀਆ, ਲੈਂਡ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਦੀ ਲੀਕੇਜ ਖ਼ਤਮ ਕਰਕੇ ਸਾਰਾ ਪੈਸਾ ਖ਼ਜਾਨੇ ਵਿਚ ਪਾਇਆ ਅਤੇ ਖ਼ਜਾਨੇ ਵਿਚੋਂ ਲੋਕਾਂ 'ਤੇ ਖ਼ਰਚ ਕਰ ਰਹੇ ਹਾਂ। ਇਹੀ ਗੱਲ ਹੁਣ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਕਿਸੇ ਨੇ ਮੋਦੀ ਨੂੰ ਜਾ ਕੇ ਕਹਿ ਦਿੱਤਾ ਜਿਸ ਨੇ ਹਸਪਤਾਲ ਬਣਾਏ ਹਨ, ਉਸ ਨੂੰ ਅੰਦਰ ਕਰ ਦਿਓ ਫਿਰ ਸਤਿੰਦਰ ਜੈਨ ਨੂੰ ਅੰਦਰ ਕਰ ਦਿੱਤਾ, ਬਾਅਦ ਵਿਚ ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿੱਤਾ ਗਿਆ। ਸਾਨੂੰ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ ਹੈ। ਇਹ ਲੋਕਤੰਤਰ ਨਹੀਂ ਤਾਨਾਸ਼ਾਹੀ ਹੈ। 

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਐਤਵਾਰ ਨੂੰ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਹਨ। ਇਸ ਦਰਮਿਆਨ ਸੀ. ਬੀ. ਆਈ. ਦਫ਼ਤਰ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਸ਼ਰਾਬ ਨੀਤੀ ਮਾਮਲੇ ਵਿਚ ਕੇਜਰੀਵਾਲ ਸੀ. ਬੀ. ਆਈ. ਦੇ ਸਵਾਲਾਂ ਦਾ ਸਾਹਮਣਾ ਕਰਨਗੇ। ਸੀ. ਬੀ. ਆਈ. ਕੇਜਰੀਵਾਲ ਤੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਬਾਰੇ ਅਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਬਾਰੇ ਵੀ ਪੁੱਛਗਿੱਛ ਕਰ ਸਕਦੀ ਹੈ। ਏਜੰਸੀ ਆਬਕਾਰੀ ਨੀਤੀ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਸਵਾਲ ਪੁੱਛ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News