ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ ਕੈਪਟਨ : ਭਗਵੰਤ ਮਾਨ

Sunday, Dec 08, 2019 - 08:49 PM (IST)

ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ ਕੈਪਟਨ : ਭਗਵੰਤ ਮਾਨ

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। 'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ ਪਰ ਜੇ ਸੂਬੇ ਦਾ ਸਿੱਖਿਆ ਮੰਤਰੀ ਹੀ ਅਧਿਆਪਕਾਂ ਨੂੰ ਗਾਲ੍ਹਾਂ ਕੱਢਦਾ ਹੈ ਤੇ ਪੁਲਸ ਨੂੰ ਡਾਂਗਾਂ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਪੰਜਾਬ ਅਜਿਹੇ ਸਿੱਖਿਆ ਮੰਤਰੀ ਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਮੁੱਖ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਮੰਤਰੀ ਮੰਡਲ 'ਚ ਤੁਰੰਤ ਬਰਖ਼ਾਸਤ ਕਰ ਕੇ ਕਿਸੇ ਯੋਗ ਤੇ ਸਿਆਣੇ ਆਗੂ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪਣ।
ਮਾਨ ਨੇ ਕਿਹਾ ਕਿ ਉਹ ਵਿਜੇ ਇੰਦਰ ਸਿੰਗਲਾ ਵਲੋਂ ਅਧਿਆਪਕ ਵਰਗ ਨਾਲ ਕੀਤੇ ਭੱਦੇ ਵਿਵਹਾਰ ਦਾ ਮੁੱਦਾ ਪਾਰਲੀਮੈਂਟ 'ਚ ਚੁੱਕਣਗੇ। ਇਸ ਦੇ ਨਾਲ ਹੀ 'ਆਪ' ਯੂਥ ਵਿੰਗ ਦੀ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਨੇ ਵਿਜੇ ਇੰਦਰ ਸਿੰਗਲਾ ਵਲੋਂ ਅਧਿਆਪਕਾਂ ਨੂੰ ਕੱਢੀਆਂ ਗਾਲ੍ਹਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਿੰਗਲਾ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਸੰਗਰੂਰ 'ਚ ਸਿੱਖਿਆ ਮੰਤਰੀ ਸਿੰਗਲਾ ਵਿਰੁੱਧ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਹੋਵੇਗਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਰਨਾਲਾ 'ਚ ਸਿੱਖਿਆ ਮੰਤਰੀ ਦਾ ਰਵੱਈਆ ਅਤੇ ਫ਼ਰੀਦਕੋਟ 'ਚ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਦੇ ਸਮਰਥਕ ਦਲਾਂ 'ਤੇ ਜਿਸ ਤਰ੍ਹਾਂ ਪੁਲਸ ਨੇ ਅੱਤਿਆਚਾਰ ਕੀਤਾ, ਉਹ ਬਰਦਾਸ਼ਤ ਤੋਂ ਬਾਹਰ ਹਨ। 'ਆਪ' ਵਿਧਾਇਕਾਂ ਅਤੇ ਆਗੂਆਂ ਦਾ ਵਫ਼ਦ ਸਿੰਗਲਾ ਦੀ ਬਰਖ਼ਾਸਤਗੀ ਨੂੰ ਲੈ ਕੇ ਰਾਜਪਾਲ ਪੰਜਾਬ ਨੂੰ ਮਿਲੇਗਾ।


author

KamalJeet Singh

Content Editor

Related News