600 ਕਰੋੜ ਨਾਲ ਬੁੱਢੇ ਨਾਲੇ ਦਾ ਪਾਣੀ ਹੋਵੇਗਾ ਸਾਫ਼, ਰਾਜਸਥਾਨ ਨੂੰ ਵੀ ਮਿਲੇਗਾ ਸਾਫ਼ ਸੁਥਰਾ ਪਾਣੀ: ਭਗਵੰਤ ਮਾਨ
Monday, Jun 19, 2023 - 09:33 AM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਪੂਰੀ ਤਰ੍ਹਾਂ ਨਾਲ 600 ਕਰੋੜ ਰੁਪਏ ਦੀ ਲਾਗਤ ਨਾਲ ਸਾਫ਼ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ਼ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਗੰਦੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਤੋਂ ਰਾਹਤ ਮਿਲੇਗੀ, ਸਗੋਂ ਸਤਲੁਜ ਦਾ ਪਾਣੀ ਵੀ ਸਾਫ਼ ਹੋ ਕੇ ਰਾਜਸਥਾਨ ਪਹੁੰਚੇਗਾ। ਮੁੱਖ ਮੰਤਰੀ ਐਤਵਾਰ ਸ਼੍ਰੀ ਗੰਗਾਨਗਰ ਵਿਖੇ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ’ਚ ਬਣੀ ਕਮੇਟੀ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ ਅਤੇ ਅਗਲੇ 3 ਤੋਂ 4 ਮਹੀਨਿਆਂ ’ਚ ਬੁੱਢਾ ਨਾਲਾ ਸਾਫ਼ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ’ਚ ਪਾਣੀ ਦੀ ਸਮੱਸਿਆ ਗੰਭੀਰ ਹੈ, ਜਿਸ ਲਈ ਸੂਬੇ ਦੀ ਗਹਿਲੋਤ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਇੰਦਰਾ ਗਾਂਧੀ ਨਹਿਰ ਤੋਂ 18 ਹਜ਼ਾਰ ਕਿਊਸਿਕ ਪਾਣੀ ਰਾਜਸਥਾਨ ਨੂੰ ਦਿੱਤਾ ਜਾਂਦਾ ਹੈ। ਗਹਿਲੋਤ ਸਰਕਾਰ ਨੇ ਮਈ-ਜੂਨ ਮਹੀਨੇ ’ਚ ‘ਬੰਦੀ’ ਲੈ ਲਈ ਸੀ, ਜਦਕਿ ਰਾਜਸਥਾਨ ਦੇ ਲੋਕਾਂ ਨੂੰ ਗਰਮੀਆਂ ’ਚ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਇਜਲਾਸ ਅੱਜ ਤੋਂ ਸ਼ੁਰੂ, ਕਈ ਅਹਿਮ ਮੁੱਦਿਆਂ 'ਤੇ ਲਿਆਂਦੇ ਜਾਣਗੇ ਪ੍ਰਸਤਾਵ
ਪੰਜਾਬ ਸਰਕਾਰ ਨੇ ਗਹਿਲੋਤ ਸਰਕਾਰ ਨੂੰ ਕਿਹਾ ਸੀ ਕਿ ਉਹ ਗਰਮੀਆਂ ’ਚ ਬੰਦੀ ਲੈਣ ਦੀ ਬਜਾਏ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ’ਚ ਬੰਦੀ ਲੈ ਲਵੇ ਤਾਂ ਜੋ ਜਨਤਾ ’ਤੇ ਕੋਈ ਅਸਰ ਨਾ ਪਵੇ ਪਰ ਕਾਂਗਰਸ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗਹਿਲੋਤ ਸਰਕਾਰ ਦੇ ਕਾਰਨ ਹੀ ਇਸ ਵਾਰ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਥੇ ਨਾ ਸਿਰਫ਼ ਪਾਣੀ ਦੀ ਸਮੱਸਿਆ ਹੈ, ਸਗੋਂ ਹੁਣ ਇਨ੍ਹਾਂ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਇਸ ਸਮੱਸਿਆ ਨੂੰ ਵੀ ਪੰਜਾਬ ਦੀ ਸਾਡੀ ਪਾਰਟੀ ਦੀ ਸਰਕਾਰ ਹੱਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੇ ਫਿਰੋਜ਼ਪੁਰ ਅਤੇ ਹੋਰ ਜ਼ਿਲ੍ਹਿਆਂ ’ਚ ਪਾਕਿਸਤਾਨ ਤੋਂ ਚਮੜੇ ਦੀ ਫੈਕਟਰੀਆਂ ਦਾ ਗੰਦਾ ਪਾਣੀ ਸਤਲੁਜ ਦਰਿਆ ’ਚ ਆ ਰਿਹਾ ਹੈ ਅਤੇ ਪੰਜਾਬ ਸਰਕਾਰ ਇਸ ਦੀ ਵੀ ਸਫ਼ਾਈ ਕਰਨ ’ਚ ਲੱਗੀ ਹੋਈ ਹੈ ਕਿਉਂਕਿ ਸਰਹੱਦੀ ਜ਼ਿਲ੍ਹਿਆਂ ’ਚ ਛੋਟੇ-ਛੋਟੇ ਬੱਚਿਆਂ ਦੇ ਸਿਰ ਦੇ ਵਾਲ ਚਿੱਟੇ ਹੋ ਰਹੇ ਹਨ ਅਤੇ ਕਈ ਬੱਚੇ ਅਪਾਹਜ ਪੈਦਾ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫਾਜ਼ਿਲਕਾ ਨੇੜਲੇ ਪਿੰਡ ’ਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ ਅਤੇ ਪੰਜਾਬ ਸਰਕਾਰ ਜਲਦੀ ਹੀ ਇਸ ਨੂੰ ਦੂਰ ਕਰੇਗੀ, ਜਿਸ ਤੋਂ ਬਾਅਦ ਰਾਜਸਥਾਨ ਨੂੰ ਵੀ ਸਾਫ਼ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ’ਚ ਤਾਂ ਭ੍ਰਿਸ਼ਟਾਚਾਰੀਆਂ ਨੂੰ ਪੰਜਾਬ ਸਰਕਾਰ ਜੇਲ ਭੇਜਣ ’ਤੇ ਲੱਗੀ ਹੋਈ ਹੈ ਅਤੇ ਜਿਸ ਨੇ ਵੀ ਦੋ ਨੰਬਰ ਦਾ ਪੈਸਾ ਕਮਾਇਆ ਹੈ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਸਫ਼ਾਈ ਮੁਹਿੰਮ ਚੱਲ ਰਹੀ ਹੈ ਪਰ ਰਾਜਸਥਾਨ ’ਚ ਅਜੇ ਵੀ ਭ੍ਰਿਸ਼ਟਾਚਾਰ ਕਾਫ਼ੀ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੇ ਦੂਰ ਕਰੇਗੀ।
ਇਹ ਵੀ ਪੜ੍ਹੋ:ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਮੁੱਖ ਮੰਤਰੀ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਸ਼੍ਰੀ ਗੰਗਾਨਗਰ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ’ਚ ਵੀ ਸੁਖਬੀਰ ਬਾਦਲ ਉਨ੍ਹਾਂ ਦੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ਾਂ ਚੋਣਾਂ ਤੋਂ ਪਹਿਲਾਂ ਹੋਈਆਂ ਸਨ ਪਰ ਆਮ ਆਦਮੀ ਪਾਰਟੀ ਤਾਂ ਚੋਣ ਜਿੱਤ ਗਈ ਪਰ ਅਕਾਲੀ ਦਲ ਖ਼ਤਮ ਹੋ ਗਿਆ। ਇਸੇ ਲਈ ਸਾਨੂੰ ਕਾਲੀਆਂ ਝੰਡੀਆਂ ਪਸੰਦ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਵੀ ਪੰਜ ਸਾਲ ਦਾ ਸੱਭਿਆਚਾਰ ਬਦਲਣ ਦੀ ਲੋੜ ਹੈ ਕਿਉਂਕਿ ਪੁਰਾਣੀਆਂ ਪਾਰਟੀਆਂ ਪੰਜ ਸਾਲ ਰਾਜ ਕਰ ਕੇ ਇਕ-ਦੂਜੇ ਦੇ ਹਿੱਤਾਂ ਦਾ ਖਿਆਲ ਰੱਖਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ: ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani