ਭਗਵੰਤ ਮਾਨ ਦੇ ਦਿੱਲੀ ਦੌਰੇ ਨੇ ਭਖਾਈ ਸਿਆਸਤ, ਰਾਜਾ ਵੜਿੰਗ ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ

04/25/2022 2:08:51 PM

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ 'ਤੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਦਿਆਂ ਸਿਆਸਤ ਭਖਾ ਦਿੱਤੀ ਹੈ। ਮੁੱਖ ਮੰਤਰੀ ਮਾਨ ਅੱਜ ਤੋਂ ਦੋ ਦਿਨਾਂ ਦੇ ਦਿੱਲੀ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਨੇ ਪਹਿਲੇ ਦਿਨ  ਡਾ. ਬੀ. ਆਰ. ਅੰਬੇਡਕਰ ਸਕੂਲ ਆਫ ਐਕਸੀਲੈਂਸ ਅਤੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ। ਮੁੱਖ ਮੰਤਰੀ ਪੰਜਾਬ ਵੱਲੋਂ ਜਿੱਥੇ ਦਿੱਲੀ ਦੇ ਮੁਹੱਲਾ ਕਲੀਨਿਕ ਅਤੇ ਸਕੂਲਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਦੌਰੇ 'ਤੇ ਸਵਾਲ ਚੁੱਕੇ ਹਨ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ 15 ਸਾਲ 'ਚ ਪਹਿਲੀ ਵਾਰ ਕਣਕ ਦੀ ਘੱਟ ਖ਼ਰੀਦ ਹੋ ਰਹੀ ਹੈ ਅਤੇ ਅਪ੍ਰੈਲ ਮਹੀਨੇ 14 ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਪੰਜਾਬ ਦੇ ਮਸਲਿਆਂ ਲਈ ਸਮਾਂ ਕੱਢਣ ਦੀ ਬਜਾਏ ਦਿੱਲੀ ਵੱਲ ਭੱਜ ਰਹੇ ਹਨ। ਰਾਜਾ ਵੜਿੰਗ ਨੇ ਪੁੱਛਿਆ ਕਿ ਕੀ ਤੁਸੀਂ 'ਆਪ' ਨੂੰ ਵੋਟ ਪਾਉਣ ਲਈ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਦਿੱਲੀ ਵੱਲ ਭੱਜਣ ਦੀ ਬਜਾਏ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਦਿਓ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਨੇ CM ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਕੀਤੀ ਵੱਡੀ ਮੰਗ

ਉਧਰ ਨਵਜੋਤ ਸਿੱਧੂ ਨੇ ਵੀ ਮੁੱਖ ਮੰਤਰੀ ਦੇ ਦੌਰੇ 'ਤੇ ਤੰਜ ਕੀਤਾ ਹੈ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ 2 ਦਿਨਾਂ ਦਿੱਲੀ ਦੌਰਾ ਅਸਲ ਮੁੱਦਿਆਂ ਤੋਂ ਪਾਸਾ ਵੱਟਣਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਵਿੱਤੀ, ਕਿਸਾਨੀ ਅਤੇ ਬਿਜਲੀ ਸੰਕਟ ਵਿੱਚੋਂ ਨਿਕਲਣ ਲਈ ਨੀਤੀ ਦੀ ਲੋੜ ਹੈ। ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ। ਹੱਲ ਆਮਦਨ ਪੈਦਾ ਕਰਨਾ ਹੈ। ਸਿੱਧੂੂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਲਈ ਪੈਸੇ ਕਿੱਥੋਂ ਆਉਣਗੇ? ਰੇਤ ਮਾਈਨਿੰਗ ਤੋਂ 20 ਹਜ਼ਾਰ ਕਰੋੜ ਆਮਦਨ ਦਾ ਵਾਅਦਾ ਕਿੱਥੇ ਹੈ?

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ ਧੂਰੀ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, 3 ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਦੇ ਦਿੱਲੀ ਦੌਰੇ 'ਤੇ ਹਨ ਜਿੱਥੇ ਉਹ ਮੁਹੱਲਾ ਕਲੀਨਕਾਂ ਅਤੇ ਸਕੂਲਾਂ ਦਾ ਦੌਰਾ ਕਰਨਗੇ। ਅੱਜ ਸਵੇਰੇ ਆਪਣੇ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਵੱਲੋਂ ਦਿੱਲੀ ਦੇ ਡਾ. ਬੀ. ਆਰ. ਅੰਬੇਡਕਰ ਸਕੂਲ ਆਫ ਐਕਸੀਲੈਂਸ ਦਾ ਦੌਰਾ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਸਿੱਖਿਆ ਸਕੱਤਰ ਵੱਲੋਂ ਪੰਜਾਬ ਤੋਂ ਆਏ ਵਫ਼ਦ ਨੂੰ ਵਿਸਥਾਰ ਪੂਰਵਕ ਇਸ ਦੀ ਜਾਣਕਾਰੀ ਦਿੱਤੀ ਗਈ। ਭਗਵੰਤ ਮਾਨ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਾਰੀਫ਼ ਪੂਰੀ ਦੁਨੀਆ ਨੇ ਕੀਤੀ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਅਸੀਂ ਵੀ ਇਸ ਮਾਡਲ ਤੋਂ ਸਿੱਖਾਂਗੇ। ਇਸ ਦੌਰਾਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਸ਼ਾਮਲ ਸਨ। 

ਨੋਟ: ਕਾਂਗਰਸੀ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਦੌਰੇ 'ਤੇ ਚੁੱਕੇ ਸਵਾਲਾਂ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


Harnek Seechewal

Content Editor

Related News