ਮਹਿੰਗੀ ਬਿਜਲੀ 'ਤੇ ਮਾਨ ਨੇ ਪੰਜਾਬ ਦੇ 'ਕੈਪਟਨ' ਨੂੰ ਦਿੱਤਾ ਸਿੱਧਾ ਅਲਟੀਮੇਟਮ

Saturday, Feb 22, 2020 - 05:59 PM (IST)

ਮਹਿੰਗੀ ਬਿਜਲੀ 'ਤੇ ਮਾਨ ਨੇ ਪੰਜਾਬ ਦੇ 'ਕੈਪਟਨ' ਨੂੰ ਦਿੱਤਾ ਸਿੱਧਾ ਅਲਟੀਮੇਟਮ

ਚੰਡੀਗੜ੍ਹ, (ਸ਼ਰਮਾ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਵਿਧਾਨ ਸਭਾ ਦੇ ਮੌਜੂਦਾ ਬਜਟ ਇਜਲਾਸ ਦੌਰਾਨ ਕੈ. ਅਮਰਿੰਦਰ ਸਿੰਘ ਸਰਕਾਰ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਪਿਛਲੀ ਬਾਦਲ ਸਰਕਾਰ ਵਲੋਂ ਕੀਤੇ ਗਏ ਮਹਿੰਗੇ ਅਤੇ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀ. ਪੀ. ਏਜ਼) ਰੱਦ ਨਾ ਕੀਤੇ ਤਾਂ ਆਮ ਆਦਮੀ ਪਾਰਟੀ 16 ਮਾਰਚ, 2020 ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟੇਗੀ।

ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਇਸ ਬੈਠਕ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਡਾ. ਬਲਬੀਰ ਸਿੰਘ, ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਹਰਚੰਦ ਸਿੰਘ ਬਰਸਟ, ਬਲਜਿੰਦਰ ਸਿੰਘ ਚੌਂਦਾ ਅਤੇ ਮਨਜੀਤ ਸਿੰਘ ਸਿੱਧੂ ਮੌਜੂਦ ਸਨ।

ਭਗਵੰਤ ਮਾਨ ਅਤੇ ਪ੍ਰਿੰ. ਬੁੱਧ ਰਾਮ ਨੇ ਦੱਸਿਆ ਕਿ ਕੈ. ਅਮਰਿੰਦਰ ਸਿੰਘ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵਾਂਗ ਕਮਿਸ਼ਨ ਬੰਨ੍ਹ ਲਈ ਹੈ। ਇਸੇ ਕਰ ਕੇ 3 ਸਾਲ ਬੀਤ ਜਾਣ ਦੇ ਬਾਵਜੂਦ ਕੈ. ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਤਾਂ ਬਿਜਲੀ ਕੰਪਨੀਆਂ ਦਾ ਆਡਿਟ ਕਰਵਾਇਆ ਨਾ ਬਾਦਲਾਂ ਵਲੋਂ ਕੀਤੇ ਗਏ ਮਹਿੰਗੇ ਅਤੇ ਇਕਪਾਸੜ ਬਿਜਲੀ ਖ਼ਰੀਦ ਸਮਝੌਤੇ ਰਿਵਿਊ ਕੀਤੇ ਤੇ ਨਾ ਹੀ ਰੱਦ ਕੀਤੇ, ਜਦਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਇਹ ਲਿਖਤ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਕੋਲ ਅਜੇ ਵੀ ਮੌਕਾ ਹੈ ਕਿ ਉਹ ਇਸ ਬਜਟ ਇਜਲਾਸ ਦੌਰਾਨ ਸਮਝੌਤੇ ਰੱਦ ਕਰ ਕੇ ਲੋਕਾਂ ਨੂੰ ਰਾਹਤ ਦਿਵਾਉਣ ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ 16 ਮਾਰਚ ਨੂੰ ਪਹਿਲਾਂ ਪਾਵਰਕਾਮ ਦੇ ਪਟਿਆਲਾ ਸਥਿਤ ਹੈੱਡਕੁਆਰਟਰ ਵਿਖੇ ਬਿਜਲੀ ਸਮਝੌਤਿਆਂ ਦੀਆਂ ਕਾਪੀਆਂ ਸਾੜੇਗੀ ਅਤੇ ਫਿਰ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟੇਗੀ। ਬੈਠਕ ਵਿਚ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਤੀਸਰੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵਧਾਈ ਮਤਾ ਪਾਸ ਕੀਤਾ ਗਿਆ।


Related News