'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਬਿਆਨ ਆਇਆ ਸਾਹਮਣੇ

Friday, Apr 21, 2023 - 06:15 PM (IST)

ਜਲੰਧਰ : ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਦੀ ਗ੍ਰਿਫ਼ਤਾਰੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ ਫਿਰ ਉਹ ਚਾਹੇ ਮੰਤਰੀ ਹੋਵੇ ਜਾਂ ਸੰਤਰੀ। ਅਸੀਂ ਕਦੇ ਇਹ ਨਹੀਂ ਵੇਖਦੇ ਕਿ ਕੌਣ ਕਿਸ ਦਾ ਬਾਪੂ, ਚਾਚਾ ਜਾਂ ਭਤੀਜਾ ਹੈ। ਜੋ ਗ਼ਲਤ ਕੰਮ ਕਰੇਗਾ ਉਹ ਭੁਗਤੇਗਾ ਵੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : UK ਜਾ ਰਹੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ

ਦੱਸਣਯੋਗ ਹੈ ਕਿ 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ 'ਤੇ ਬਲੈਕਮੇਲਿੰਗ ਤੇ ਜਬਰੀ ਵਸੂਲੀ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਦੀ ਸ਼ਿਕਾਇਤ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਨੇ ਕੀਤੀ ਸੀ ਜਿਸ ਦੇ ਆਧਾਰ 'ਤੇ ਜਲਾਲਾਬਾਦ ਪੁਲਸ ਨੇ ਸੁਰਿੰਦਰ ਕੰਬੋਜ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ 'ਆਪ' ਵਿਧਾਇਕ ਦੇ ਪਿਤਾ ਸਮੇਤ 4 ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 384, 389 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਸੁਰਿੰਦਰ ਕੰਬੋਜ ਨੇ ਉਸ ਨੂੰ ਜਬਰ-ਜ਼ਿਨਾਹ ਦੇ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਨੂੰ ਹਵਾਈ ਅੱਡੇ 'ਤੇ ਰੋਕਣ ਦੇ ਮਾਮਲੇ 'ਚ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ

ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਗੋਲਡੀ ਕੰਬੋਜ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਿਤਾ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਨਹੀਂ ਹੈ ਤੇ ਉਹ ਕਾਨੂੰਨੀ ਤੌਰ 'ਤੇ ਅਖ਼ਬਾਰ ਵਿੱਚ ਵੀ ਇਸ ਗੱਲ ਦੀ ਸੂਚਨਾ ਦੇ ਚੁੱਕੇ ਹਨ। ਗੋਲਡੀ ਕੰਬੋਜ ਦੀ ਆਪਣੇ ਪਿਤਾ ਨਾਲ ਬਣਦੀ ਵੀ ਨਹੀਂ ਹੈ। ਉਧਰ ਇਸ ਮਾਮਲੇ 'ਤੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜੇਕਰ ਕੋਈ ਗ਼ਰੀਬ ਬੰਦੇ ਨਾਲ ਧੱਕਾ ਕਰੇਗਾ ਤਾਂ ਬਕਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਵਿਅਕਤੀ ਉਨ੍ਹਾਂ ਦੇ ਘਰ ਦਾ ਹੀ ਕਿਉਂ ਨਾ ਹੋਵੇ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News